ਚੰਡੀਗੜ੍ਹ ਦੀ ਹਰਨਾਜ ਸੰਧੂ ਬਣੀ ‘ਮਿਸ ਯੂਨੀਵਰਸ’

ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਤਾਜ ਆਪਣੇ ਨਾਂ ਕਰ ਲਿਆ ਹੈ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ‘ਚ ਹੋਇਆ। ਇਸ ਮੁਕਾਬਲੇ ਦੇ ਮੁੱਢਲੇ ਪੜਾਅ ‘ਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ।

ਇਸ ਤੋਂ ਪਹਿਲਾਂ 70ਵੀਂ ਮਿਸ ਯੂਨੀਵਰਸ 2021 ‘ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਹਰਨਾਜ਼ ਸੰਧੂ ਨੇ ਟੌਪ 10 ‘ਚ ਥਾਂ ਬਣਾਈ ਸੀ। ਮੁਕਾਬਲੇ ਦੀ ਸ਼ੁਰੂਆਤ ‘ਚ ਜੱਜਾਂ ਨੂੰ ਲੁਭਾਉਣ ਤੋਂ ਬਾਅਦ ਹਰਨਾਜ਼ ਨੇ ਸਵਿਮਸੂਟ ਰਾਊਂਡ ਲਈ ਰਨਵੇਅ ‘ਤੇ ਆਪਣਾ ਆਤਮਵਿਸ਼ਵਾਸ ਦਿਖਾਇਆ। ਇਕ ਸ਼ਾਨਦਾਰ ਮਾਰੂਨ ਕੈਪ-ਸਲੀਵ ਸਵਿਮਸੂਟ ਪਹਿਨੇ, ਹਰਨਾਜ਼ ਨੇ ਸਭ ਨੂੰ ਪ੍ਰਭਾਵਿਤ ਕੀਤਾ ਅਤੇ ਚੋਟੀ ਦੇ ਟੌਪ 10 ‘ਚ ਆਪਣਾ ਸਥਾਨ ਪੱਕਾ ਕੀਤਾ। ਇਸ ਨਾਲ ਹਰਨਾਜ਼ ਜਿੱਤ ਦੇ ਇਕ ਕਦਮ ਹੋਰ ਨੇੜੇ ਆ ਗਈ ਸੀ। ਉਸ ਦੇ ਨਾਲ ਟੌਪ 10 ‘ਚ ਪੈਰਾਗੁਏ, ਪੋਰਟੋ ਰੀਕੋ, ਅਮਰੀਕਾ, ਦੱਖਣੀ ਅਫਰੀਕਾ, ਬਹਾਮਾਸ, ਫਿਲੀਪੀਨਜ਼, ਫਰਾਂਸ, ਕੋਲੰਬੀਆ ਅਤੇ ਅਰੂਬਾ ਦੀਆਂ ਸੁੰਦਰੀਆਂ ਸ਼ਾਮਲ ਸਨ।

ਦੱਸ ਦੇਈਏ ਕਿ ਹਰਨਾਜ਼ ਨੂੰ ਮਿਸ ਯੂਨੀਵਰਸ 2021 ਪ੍ਰਤੀਯੋਗਿਤਾ ਲਈ ਸਭ ਤੋਂ ਪਸੰਦੀਦਾ ਲੋਕਾਂ ‘ਚੋਂ ਇੱਕ ਮੰਨਿਆ ਜਾ ਰਿਹਾ ਸੀ। ਇਸ ਵਾਰ ਇਹ ਮੁਕਾਬਲਾ ਇਲੀਅਟ, ਇਜ਼ਰਾਈਲ ‘ਚ ਆਯੋਜਿਤ ਕੀਤਾ ਜਾ ਰਿਹਾ ਹੈ। ਟੀ. ਓ. ਆਈ. ਨਾਲ ਆਪਣੀ ਇੰਟਰਵਿਊ ‘ਚ ਹਰਨਾਜ਼ ਨੇ ਮਿਸ ਯੂਨੀਵਰਸ ਮੁਕਾਬਲੇ ਦਾ ਹਿੱਸਾ ਬਣਨ ਬਾਰੇ ਆਪਣਾ ਉਤਸ਼ਾਹ ਸਾਂਝਾ ਕੀਤਾ। ਉਸ ਨੇ ਕਿਹਾ, ”ਮੈਂ ਹਮੇਸ਼ਾ ਤੋਂ ਇਕ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਅਖਵਾਉਣਾ ਚਾਹੁੰਦੀ ਸੀ। ਹੁਣ ਇਹ ਹੋ ਰਿਹਾ ਹੈ। ਮੈਨੂੰ ਵਿਸ਼ਵ ਮੰਚ ‘ਤੇ ਆਪਣੇ ਦੇਸ਼ ਦੇ 13 ਲੱਖ ਲੋਕਾਂ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਿਆ ਹੈ। ਮੈਨੂੰ ਮਿਲੇ ਮੌਕਿਆਂ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਰਹਾਂਗੀ।”