ਸ਼ੈਰੀ ਮਾਨ ਨੇ ਯਾਰ ਦੇ ਵਿਆਹ ’ਚ ਜਾ ਕੇ ਮੁੜ ਛੇੜ ਦਿੱਤੀ ਪਰਮੀਸ਼ ਵਰਮਾ ਦੀ ਗੱਲ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸ਼ੈਰੀ ਮਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ ’ਚ ਸ਼ੈਰੀ ਮਾਨ ਨੇ ਆਪਣੇ ਯਾਰ ਦੇ ਵਿਆਹ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਕਹਿ ਰਹੇ ਹਨ ਕਿ ਉਹ ਪਿਛਲੇ 20 ਦਿਨਾਂ ਤੋਂ ਵਿਆਹ ’ਚ ਹੀ ਹਨ।

ਉਥੇ ਜਦੋਂ ਨਵੀਂ ਵਿਆਹੀ ਜੋੜੀ ਨੂੰ ਉਹ ਪੁੱਛਦੇ ਹਨ ਕਿ ਉਨ੍ਹਾਂ ਨੇ ਕਿਹੜਾ ਗੀਤ ਸੁਣਨਾ ਹੈ ਤਾਂ ਉਹ ‘ਵੈਡਿੰਗ ਸੌਂਗ’ ਦੀ ਮੰਗ ਕਰਦੇ ਹਨ। ਇਹ ਗੀਤ ਗਾਉਂਦਿਆਂ ਇਕ ਲਾਈਨ ਅਜਿਹੀ ਆਉਂਦੀ ਹੈ, ਜਿਥੇ ਉਹ ਕਹਿੰਦੇ ਹਨ ਕਿ ਯਾਰਾਂ ਦੇ ਵਿਆਹ ’ਚ ਉਹ ਫਰਜ਼ ਨਿਭਾਈ ਜਾਂਦੇ ਹਨ ਪਰ ਸਿਰਫ ਇਕ-ਦੋ ਨੂੰ ਛੱਡ ਕੇ।

ਇਸ ’ਤੇ ਵਿਆਹ ’ਚ ਮੌਜੂਦ ਲੋਕ ਵੀ ਹੱਸ ਪੈਂਦੇ ਹਨ ਤੇ ਇਸ ਤੋਂ ਇਸ ਗੱਲ ਵੱਲ ਇਸ਼ਾਰਾ ਜਾਂਦਾ ਹੈ ਕਿ ਸ਼ੈਰੀ ਮਾਨ ਨੇ ਇਥੇ ਪਰਮੀਸ਼ ਵਰਮਾ ਦੀ ਹੀ ਗੱਲ ਕੀਤੀ ਹੈ, ਜਿਨ੍ਹਾਂ ਦੇ ਵਿਆਹ ’ਚ ਸ਼ੈਰੀ ਮਾਨ ਨਾਰਾਜ਼ ਹੋ ਗਏ ਸਨ।

ਦੱਸ ਦੇਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਲੋਕ ਇਸ ਨੂੰ ਮਸਤੀ ਭਰੇ ਅੰਦਾਜ਼ ’ਚ ਦੇਖ ਰਹੇ ਹਨ ਤੇ ਇਸ ’ਤੇ ਖੂਬ ਕੁਮੈਂਟਸ ਵੀ ਕਰ ਰਹੇ ਹਨ।