ਕਾਲਜ ਵਿਚ ਜਾਅਲੀ ਐਡਮੀਸ਼ਨ ਲੈਟਰ ਦੇਣ ਕਰਕੇ ਪੰਜਾਬੀ ਲੜਕੀ ਨੂੰ ਛੱਡਣਾ ਪੈ ਸਕਦੈ ਕੈਨੇਡਾ

ਕਾਲਜ ਵਿਚ ਜਾਅਲੀ ਐਡਮੀਸ਼ਨ ਲੈਟਰ ਦੇਣ ਕਰਕੇ ਪੰਜਾਬੀ ਲੜਕੀ ਨੂੰ ਛੱਡਣਾ ਪੈ ਸਕਦੈ ਕੈਨੇਡਾ

ਐਡਮੰਟਨ,ਕੈਨੇਡਾ : ਐਡਮਿੰਟਨ ਦੀ ਇੱਕ ਪੰਜਾਬੀ ਮੂਲ ਦੀ ਲੜਕੀ ਨੂੰ ਕੈਨੇਡਾ ਤੋਂ ਵਾਪਸ ਜਾਣਾ ਪੈ ਸਕਦਾ ਹੈ। 25 ਸਾਲ ਦੀ ਕਮਰਜੀਤ ਕੌਰ ਨੇ ਫ਼ੈਡਰਲ ਸਰਕਾਰ ਵੱਲੋਂ ਉਸਨੂੰ ਕੈਨੇਡਾ ਤੋਂ ਬਾਹਰ ਕੀਤੇ ਜਾਣ ਦੇ ਫ਼ੈਸਲੇ ਦਾ ਜੂਡੀਸ਼ੀਅਲ ਰੀਵਿਊ ਕਰਵਾਇਆ ਸੀ, ਪਰ ਫ਼ੈਸਲਾ ਉਸਦੇ ਪੱਖ ਵਿਚ ਨਹੀਂ ਆਇਆ ਹੈ।

ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਬੋਰਡ ਔਫ਼ ਕੈਨੇਡਾ ਨੇ ਜਾਅਲੀ ਐਡਮੀਸ਼ਨ ਲੈਟਰ ਦੇ ਮਾਮਲੇ ਵਿਚ ਕਰਮਜੀਤ ਨੂੰ ਕੈਨੇਡਾ ਤੋਂ ਵਾਪਸ ਭੇਜੇ ਜਾਣ ਦਾ ਫ਼ੈਸਲਾ ਲਿਆ ਸੀ।

ਕਰਮਜੀਤ ਨੂੰ ਓਨਟੇਰਿਓ ਦੇ ਜਿਸ ਕਾਲਜ ਦੇ ਐਡਮੀਸ਼ਨ ਲੈਟਰ ਦੇ ਅਧਾਰ ‘ਤੇ ਸਟੱਡੀ ਪਰਮਿਟ ਮਿਲਿਆ ਸੀ, ਉਹ ਲੈਟਰ ਜਾਅਲੀ ਨਿਕਲਿਆ।ਕਰਮਜੀਤ ਨੂੰ ਇਹ ਪੱਤਰ ਇੱਕ ਪ੍ਰਾਈਵੇਟ ਇਮੀਗ੍ਰੇਸ਼ਨ ਏਜੰਟ ਦੁਆਰਾ ਦਵਾਇਆ ਗਿਆ ਸੀ।

ਕਰਮਜੀਤ ਦਾ ਕਹਿਣਾ ਹੈ ਕਿ ਉਸਨੂੰ ਇਹ ਗੱਲ ਪਿੱਛਲੇ ਸਾਲ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਦੀ ਅਰਜ਼ੀ ਦੇਣ ਸਮੇਂ ਪਤਾ ਲੱਗੀ I

ਪਰ ਇਮੀਗ੍ਰੇਸ਼ਨ ਬੋਰਡ ਦਾ ਕਹਿਣਾ ਹੈ ਕਿ ਇਸ ਗੱਲ ਦੀ ਜ਼ਿੰਮੇਵਾਰੀ ਕਰਮਜੀਤ ਦੀ ਬਣਦੀ ਸੀ ਕਿ ਉਹ ਸੁਨਿਸ਼ਚਿਤ ਕਰਦੀ ਕਿ ਉਸਦਾ ਦਾਖ਼ਲਾ ਅਸਲ ਸੀ।

ਕਰਮਜੀਤ ਨੇ ਇਸ ਫ਼ੈਸਲੇ ਦੇ ਜੂਡੀਸ਼ੀਅਲ ਰੀਵਿਊ ਦੀ ਮੰਗ ਕੀਤੀ ਸੀ, ਪਰ ਫ਼ੈਡਰਲ ਕੋਰਟ ਦੀ ਜੱਜ ਐਨ ਮੈਰੀ ਮੈਕਡੌਨਲਡ ਨੇ ਜਨਵਰੀ ਵਿਚ ਜੂਡੀਸ਼ੀਅਲ ਰੀਵਿਊ ਨੂੰ ਖ਼ਾਰਜ ਕਰਦਿਆਂ ਇਮੀਗ੍ਰੇਸ਼ਨ ਬੋਰਡ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ।

ਜੱਜ ਨੇ ਕਿਹਾ ਕਿ ਬਿਨੈਕਾਰ ਨੇ ਇਕ ਇਮੀਗ੍ਰੈਸ਼ਨ ਏਜੰਟ ‘ਤੇ ਭਰੋਸਾ ਕੀਤਾ ਅਤੇ ਉਸ ਨਾਲ ਧੋਖਾ ਹੋਇਆ। ਪਰ ਫ਼ਿਰ ਵੀ, ਇਹ ਸਥਿਤੀ ਬਿਨੈਕਾਰ ਨੂੰ ਗ਼ਲਤ ਦਸਤਾਵੇਜ਼ ਦਾਖ਼ਲ ਕਰਨ (misrepresentation) ਦੇ ਨਤੀਜਿਆਂ ਤੋਂ ਨਹੀਂ ਬਚਾਅ ਸਕਦੀ।

ਆਖ਼ਰੀ ਉਮੀਦ ਦੇ ਤੌਰ ‘ਤੇ, ਕਰਮਜੀਤ ਨੇ ਮਨੁੱਖਤਾਵਾਦੀ ਅਤੇ ਤਰਸ ਦੇ ਅਧਾਰ ‘ਤੇ ਨਵੀਂ ਅਰਜ਼ੀ ਦਾਇਰ ਕੀਤੀ ਹੈ। ਜਿਹੜੇ ਲੋਕ ਹੋਰ ਕਿਸੇ ਵੀ ਅਧਾਰ ਲਈ ਯੋਗ ਨਹੀਂ ਹੁੰਦੇ, ਉਕਤ ਅਧਾਰ ਉਨ੍ਹਾਂ ਅਸਧਾਰਣ ਮਾਮਲਿਆਂ ਲਈ ਉਲਬਧ ਹੁੰਦਾ ਹੈ।

ਕਰਮਜੀਤ ਨੇ ਦੱਸਿਆ ਕਿ ਬਚਪਨ ਵਿੱਚ ਇੱਕ ਦੁਰਘਟਨਾ ਕਾਰਨ ਉਸਦੇ ਸ਼ਰੀਰ ਦੇ ਸੱਜੇ ਹਿੱਸੇ ਵਿੱਚ ਖੂਨ ਦਾ ਸੰਚਾਰ ਘੱਟ ਗਿਆ ਜਿਸ ਨਾਲ ਉਸਦੀ ਸੱਜੀ ਬਾਂਹ ਅਤੇ ਲੱਤ ਨੂੰ ਹਿਲਾਉਣਾ ਮੁਸ਼ਕਿਲ ਹੈ I
ਕਰਮਜੀਤ ਨੇ ਦੱਸਿਆ ਕਿ ਅਪਾਹਜ ਹੋਣ ਕਰਕੇ ਉਸਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਘਰਦਿਆਂ ਨੂੰ ਉਸਨੇ ਵਿਦੇਸ਼ ਭੇਜਣ ਦਾ ਫ਼ੈਸਲਾ ਲਿਆ ਸੀ I

ਕਰਮਜੀਤ ਦੇ ਵਕੀਲ ਮਨਰਾਜ ਸਿੱਧੂ ਨੇ ਕਿਹਾ ਕਿ ਕਰਮਜੀਤ ਦੇ ਮਾਤਾ ਪਿਤਾ ਪੜੇ ਲਿਖੇ ਨਹੀਂ ਹਨ ਅਤੇ ਪਰਿਵਾਰ ਕੋਲ ਕੰਪਿਊਟਰ ਨਹੀਂ ਸੀ ਅਤੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਪ੍ਰਕਿਰਿਆ ਦੀ ਬਹੁਤ ਘੱਟ ਜਾਣਕਾਰੀ ਸੀ।

ਏਜੰਟ ਦੁਆਰਾ 2018 ਵਿੱਚ ਕਰਮਜੀਤ ਨੂੰ ਟੋਰੌਂਟੋ ਦੇ ਸੇਨੇਕਾ ਕਾਲਜ ਤੋਂ ਆਫ਼ਰ ਲੈਟਰ ਲੈ ਕੇ ਦਿੱਤਾ ਗਿਆ I

ਜਦੋਂ ਕਰਮਜੀਤ ਓਨਟੇਰੀਓ ਪਹੁੰਚੀ ਤਾਂ ਉਸਦੇ ਏਜੰਟ ਨੇ ਉਸਨੂੰ ਉਕਤ ਕਾਲਜ ਵਿੱਚ ਪਲੇਸਮੈਂਟ ਨਾ ਹੋਣ ਕਰਕੇ ਕਿਸੇ ਹੋਰ ਕਾਲਜ ਵਿੱਚ ਦਾਖ਼ਲੇ ਦੀ ਪੇਸ਼ਕਸ਼ ਕੀਤੀ I ਇਸਤੋਂ ਬਾਅਦ ਕਰਮਜੀਤ ਨੇ ਐਡਮੰਟਨ ਦੇ ਨੌਰਕੁਏਸਟ ਕਾਲਜ ਵਿੱਚ ਦਾਖ਼ਲਾ ਲੈ ਲਿਆ I

ਜਦੋਂ 2021 ਵਿਚ ਕਰਮਜੀਤ ਨੇ ਪੀ ਆਰ ਲਈ ਅਪਲਾਈ ਕੀਤਾ ਤਾਂ ਉਦੋਂ ਉਸਨੂੰ ਆਪਣਾ ਐਡਮੀਸ਼ਨ ਲੈਟਰ ਜਾਅਲੀ ਹੋਣ ਦਾ ਪਤਾ ਲੱਗਾ। ਦਸੰਬਰ 2022 ਵਿਚ ਕਰਮਜੀਤ ਦੇ ਵਕੀਲ ਨੇ ਜਸਟਿਸ ਮੈਕਡੌਨਲਡ ਸਾਹਮਣੇ ਪੇਸ਼ ਹੋਕੇ ਇਸ ਮਾਮਲੇ ਵਿਚ ਕਈ ਦਲੀਲਾਂ ਦਿੱਤੀਆਂ, ਪਰ ਜੱਜ ਨੇ ਸਾਰੀਆਂ ਦਲੀਲਾਂ ਖ਼ਾਰਜ ਕਰ ਦਿੱਤੀਆਂ।

ਸਰੋਤ : ਸੀਬੀਸੀ ਨਿਉਜ਼