ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਤਲਾਕ ਦੀ ਖ਼ਬਰ ਹੁਣ ਪੱਕੀ ਹੋ ਗਈ ਹੈ। ਖ਼ਬਰਾਂ ਦੀ ਮੰਨੀਏ ਤਾਂ ਸਾਨੀਆ ਆਪਣੇ ਬੇਟੇ ਦੇ ਨਾਲ ਸ਼ੋਏਬ ਦਾ ਘਰ ਛੱਡ ਚੁੱਕੀ ਹੈ। ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਵਿੱਚ ਪਿਛਲੇ ਕਈ ਦਿਨਾਂ ਤੋਂ ਟਕਰਾਅ ਚੱਲ ਰਿਹਾ ਹੈ। ਪਾਕਿਸਤਾਨੀ ਰਿਪੋਰਟਾਂ ਮੁਤਾਬਕ ਦੋਵੇਂ ਪਿਛਲੇ ਕਈ ਮਹੀਨਿਆਂ ਤੋਂ ਵੱਖ-ਵੱਖ ਰਹਿ ਰਹੇ ਹਨ। ਦੋਵੇਂ ਆਪਣੇ ਬੇਟੇ ਦਾ ਜਨਮਦਿਨ ਮਨਾਉਣ ਲਈ ਮਿਲੇ ਸਨ। ਸਾਨੀਆ ਅਤੇ ਮਲਿਕ ਆਪਣੇ ਬੱਚੇ ‘ਤੇ ਕੋਈ ਬੋਝ ਨਹੀਂ ਪਾਉਣਾ ਚਾਹੁੰਦੇ। ਖ਼ਬਰਾਂ ਮੁਤਾਬਕ ਟੈਨਿਸ ਸਟਾਰ ਆਪਣੇ ਬੇਟੇ ਨਾਲ ਸ਼ੋਏਬ ਦਾ ਘਰ ਛੱਡ ਚੁੱਕੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਾਨੀਆ ਅਤੇ ਸ਼ੋਏਬ ਵਿਚਾਲੇ ਟਕਰਾਅ ਦਾ ਕਾਰਨ ਪਾਕਿਸਤਾਨੀ ਮਾਡਲ ਆਇਸ਼ਾ ਉਮਰ ਹੈ। ਸ਼ੋਏਬ ਅਤੇ ਆਇਸ਼ਾ ਨੂੰ ਕਈ ਮੌਕਿਆਂ ‘ਤੇ ਇਕੱਠੇ ਦੇਖਿਆ ਗਿਆ ਹੈ। ਜਦੋਂ ਤੋਂ ਕ੍ਰਿਕਟਰ ਤੋਂ ਸਾਨੀਆ ਨਾਲ ਤਲਾਕ ਦੀ ਖ਼ਬਰ ਆਈ ਹੈ, ਉਦੋਂ ਤੋਂ ਸ਼ੋਏਬ ਅਤੇ ਆਇਸ਼ਾ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦੋਵਾਂ ਨੇ ਇਹ ਫੋਟੋਸ਼ੂਟ ਪਿਛਲੇ ਸਾਲ ਕਰਵਾਇਆ ਸੀ।
ਸ਼ੋਏਬ ਮਲਿਕ ਨੇ ਵੀ ਇਸ ਫੋਟੋਸ਼ੂਟ ਤੋਂ ਬਾਅਦ ਇਕ ਇੰਟਰਵਿਊ ‘ਚ ਆਇਸ਼ਾ ਉਮਰ ਦੀ ਤਾਰੀਫ਼ ਕੀਤੀ ਸੀ ਤੇ ਕਿਹਾ ਸੀ ਕਿ ਸ਼ੂਟਿੰਗ ਦੌਰਾਨ ਆਇਸ਼ਾ ਨੇ ਮੇਰੀ ਬਹੁਤ ਮਦਦ ਕੀਤੀ। ਦੂਜੇ ਪਾਸੇ ਆਇਸ਼ਾ ਪਾਕਿਸਤਾਨ ਦੀ ਸਭ ਤੋਂ ਫੈਸ਼ਨੇਬਲ ਅਭਿਨੇਤਰੀਆਂ ‘ਚੋਂ ਇਕ ਹੈ। ਪਾਕਿਸਤਾਨੀ ਰਿਪੋਰਟਾਂ ਮੁਤਾਬਕ ਆਇਸ਼ਾ ਉਮਰ ਪਾਕਿਸਤਾਨ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਹੈ। ਉਹ ‘ਕੁਛ ਲਮਹੇ ਜ਼ਿੰਦਗੀ ਕੇ’ ਅਤੇ ਸ਼ੋਅ ‘ਜ਼ਿੰਦਗੀ ਗੁਲਜ਼ਾਰ ਹੈ’ ‘ਚ ਨਜ਼ਰ ਆ ਚੁੱਕੀ ਹੈ। ਆਇਸ਼ਾ ਉਮਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2015 ‘ਚ ਫਿਲਮ ‘ਕਰਾਚੀ ਸੇ ਲਾਹੌਰ’ ਨਾਲ ਕੀਤੀ ਸੀ।
ਦੱਸ ਦੇਈਏ ਕਿ ਦੋਵਾਂ ਨੇ 12 ਅਪ੍ਰੈਲ 2010 ਨੂੰ ਹੈਦਰਾਬਾਦ ‘ਚ ਰਵਾਇਤੀ ਤਰੀਕੇ ਨਾਲ ਨਿਕਾਹ ਕੀਤਾ ਸੀ। ਨਿਕਾਹ ਦੇ 10 ਸਾਲ ਬਾਅਦ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਸੀ, ਜਿਸ ਦਾ ਨਾਂ ਇਜ਼ਾਨ ਹੈ। ਕੁਝ ਸਮਾਂ ਪਹਿਲਾਂ ਦੋਵਾਂ ਨੂੰ ਇਜ਼ਹਾਨ ਦਾ ਜਨਮਦਿਨ ਮਨਾਉਂਦੇ ਹੋਏ ਇਕੱਠੇ ਦੇਖਿਆ ਗਿਆ ਸੀ। ਸਾਨੀਆ ਨੇ ਇਸ ਸੈਲੀਬ੍ਰੇਸ਼ਨ ਦੀ ਫੋਟੋ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ।