ਸੁੰਦਰ ਕੁੜੀਆਂ ਦੇ ਮੁਕਾਬਲੇ ਕਰਵਾਉਣ ਵਾਲੇ ਪਿਓ ਪੁੱਤ ਗ੍ਰਿਫਤਾਰ ,ਜਾਣੋ ਕਿਉਂ ਰੱਖੀ ਸੀ ਜਨਰਲ ਕਾਸ੍ਟ ਕੁੜੀ ਦੀ ਮੰਗ !

ਬਠਿੰਡਾ ਵਿੱਚ 23 ਅਕਤੂਬਰ ਨੂੰ ਹੋਣ ਵਾਲੇ ‘ਸੁੰਦਰ ਕੁੜੀਆਂ ਦਾ ਮੁਕਾਬਲਾ’ ਕਰਵਾਉਣ ਵਾਲੇ ਪ੍ਰਬੰਧਕਾਂ ‘ਤੇ ਪੁਲਿਸ ਦਾ ਗਾਜ ਡਿੱਗੀ ਹੈ। ਦੱਸ ਦਈਏ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਇਸ਼ਤਿਹਾਰਬਾਜ਼ੀ ਵਾਲੇ ਪੋਸਟਰ ‘ਤੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਪੋਸਟਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਕਿ ਜੇਤੂ ਲੜਕੀ ਨੂੰ ਕੈਨੇਡੀਅਨ ਐਨਆਰਆਈ ਨਾਲ ਵਿਆਹ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਦੱਸ ਦੇਈਏ ਕੀ ਹਾਲ ਹੀ ‘ਚ ਇੱਕ ਪੋਸਟ ਵਾਇਰਲ ਹੋਈ ਸੀ ਜਿਸ ‘ਚ ਪ੍ਰਬੰਧਕਾਂ ਵਲੋਂ ਸੁੰਦਰ ਲੜਕੀਆਂ ਦਾ ਮੁਕਾਬਲਾ ਕਰਵਾਉਣ ਦੀ ਗੱਲ ਕੀਤੀ ਗਈ ਸੀ। ਸਾਹਮਣੇ ਆਈ ਜਾਣਕਾਰੀ ਮੁਤਾਬਕ ਇਹ ਵਾਇਰਲ ਪੋਸਟਰ ਪੰਜਾਬ ਦੇ ਬਠਿੰਡਾ (Bathinda) ਦਾ ਦੱਸਿਆ ਗਿਆ। ਪੋਸਟਰ ‘ਤੇ ਲਿੱਖੇ ਕੰਟੈਂਟ ਕਰਕੇ ਇਹ ਵਾਇਰਲ ਹੋ ਗਿਆ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਇੱਕ ਆਡੀਓ ਵੀ ਸਾਹਮਣੇ ਆਈ।

ਵਾਇਰਲ ਆਡੀਓ ‘ਚ ਨਿਹੰਗ ਸਿੰਘ ਨੇ ਪ੍ਰਬੰਧਕ ਨੂੰ ਫੋਨ ਕਰਕੇ ਖੂਬ ਖਰੀਆਂ ਖਰੀਆਂ ਸੁਣਾਇਆ। ਵਾਇਰਲ ਫੋਨ ਆਡੀਓ ‘ਚ ਨਿਹੰਗ ਪਰਮਜੀਤ ਸਿੰਘ ਅਕਾਲੀ ਪ੍ਰਬੰਧਕ ਨਾਲ ਗੱਲ ਕਰ ਰਹੇ ਹਨ ਅਤੇ ਪ੍ਰਬੰਧਕ ਵਾਰ ਵਾਰ ਇਸ ‘ਤੇ ਮੁਆਫੀ ਮੰਗ ਰਿਹਾ ਹੈ। ਪ੍ਰਬੰਧਕ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸੀ। ਪ੍ਰਬੰਧਕ ਦਾ ਨਿਹੰਗ ਸਿੰਘ ਨੂੰ ਕਹਿੰਦਾ ਹੈ ਕਿ ਗਲਤੀ ਹੋ ਗਈ ਤਾਂ ਅੱਗਿਓ ਨਿਹੰਗ ਸਿੰਘ ਕਹਿੰਦੇ ਹਨ ਕਿ ਗਲਤੀ ਅਤੇ ਗੁਨਾਹ ‘ਚ ਫਰਕ ਹੁੰਦਾ ਹੈ।

ਸੋਸ਼ਲ ਮੀਡੀਆ ‘ਤੇ ਆਏ ਦਿਨ ਕੁਝ ਨਾਲ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਇਸ ‘ਚ ਕੁਝ ਵਾਇਰਲ ਪੋਸਟਾਂ ਬੇਸ਼ੱਕ ਸਾਨੂੰ ਚੰਗੀਆਂ ਲੱਗ ਸਕਦੀਆਂ ਪਰ ਇਹ ਜ਼ਰੂਰੀ ਨਹੀਂ। ਇਸੇ ਤਰ੍ਹਾਂ ਦਾ ਇੱਕ ਪੋਸਟ ਫਿਰ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਪੰਜਾਬ ਅਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਬੈਠੇ ਲੋਕ ਵੀ ਜ਼ਰੂਰ ਸ਼ਰਮਿੰਦਾ ਹੋ ਜਾਣਗੇ। ਇਸ ਤੋਂ ਪਹਿਲਾਂ ਤੁਸੀਂ ਇਸ ਪੋਸਟ ਬਾਰੇ ਜ਼ਿਆਦਾ ਸੋਚੋ ਤਾਂ ਦੱਸ ਦਈਏ ਕਿ ਇਸ ਵਾਇਰਲ ਪੋਸਟ ਦਾ ਟਾਇਟਲ ਦਿੱਤਾ ਗਿਆ ਹੈ ‘ਸੁੰਦਰ ਲੜਕੀਆਂ ਦਾ ਮੁਕਾਬਲਾ’।

ਇਸ ਵਾਇਰਲ ਪੋਸਟ ‘ਚ 23 ਅਕਤੂਬਰ ਨੂੰ ਇੱਕ ਮੁਕਾਬਲੇ ਬਾਰੇ ਗੱਲ ਕੀਤੀ ਗਈ ਹੈ। ਇਹ ਕੋਈ ਅਜਿਹਾ ਮੁਕਾਬਲਾ ਨਹੀਂ ਜਿਸ ‘ਤੇ ਫ਼ਕਰ ਕੀਤਾ ਜਾ ਸਕੇ। ਅਸਲ ‘ਚ ਇਹ ਪੋਸਟ ਹੈ ਜਿਸ ‘ਚ ਜਨਰਲ ਕਾਸਟ ਦੀਆਂ ਕੁੜੀਆਂ ਉਹ ਵੀ ਸੁੰਦਰ ਕੁੜੀਆਂ ਦਾ ਮੁਕਾਬਲਾ ਕਰਵਾਉਣ ਦੀ ਗੱਲ ਕੀਤੀ ਗਈ ਹੈ। ਪੋਸਟ ‘ਚ ਸਾਫ਼ ਲਿਖਿਆ ਹੈ, ‘ਸਵੀਟ ਮਿਲਨ ਹੋਟਲ ਬਠਿੰਡਾ ਵਿਖੇ 23 ਅਕਤੂਬਰ 2022 ਨੂੰ 12 ਤੋਂ 2 ਵਜੇ ਤੱਕ ਜਨਰਲ ਕਾਸਟ ਦੀਆਂ ਸੁੰਦਰ ਕੁੜੀਆਂ ਦਾ ਮੁਕਾਬਲਾ ਰੱਖਿਆ ਗਿਆ ਹੈ।‘

ਹੁਣ ਤੁਹਾਨੂੰ ਦੱਸ ਦਈਏ ਕਿ ਇਹ ਮੁਕਾਬਲੇ ਆਖਰ ਕਿਉਂ ਸ਼ਰਮਸਾਰ ਕਰਨ ਵਾਲਾ ਹੈ। ਅਸਲ ‘ਚ ਪੋਸਟ ‘ਚ ਦਾਅਵਾ ਕੀਤਾ ਗਿਆ ਹੈ ਕਿ ਇਸ ਮੁਕਾਬਲੇ ‘ਚ ਜਿੱਤਣ ਵਾਲੀ ਸੁੰਦਰ ਲੜਕੀ ਨੂੰ ਇਨਾਮ ਵਜੋਂ ਕੈਨੇਡਾ NRI ਜਨਰਲ ਕਾਸਟ ਪੱਕੇ ਲੜਕੇ ਨਾਲ ਪੱਕੇ ਵਿਆਹ ਦੀ ਆਫ਼ਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਸ ਪੋਸਟ ‘ਚ ਮੈਰੀਜ਼ ਬਿਉਰੋ ਨੂੰ ਕਾਨਟੈਕਟ ਕਰਨ ਦੀ ਵੀ ਹਿਦਾਇਤ ਦਿੱਤੀ ਗਈ ਹੈ।

ਸੁੰਦਰਤਾ ਮੁਕਾਬਲੇ ਦੇ ਨਾਂ ਹੇਠ ਬਠਿੰਡਾ ਵਿਖੇ ਇੱਕ ਐਨ.ਆਰ.ਆਈ ਵੱਲੋਂ ਜਾਤੀ ਵਿਸ਼ੇਸ਼ ਦੀ ਲੜਕੀ ਨਾਲ ਵਿਆਹ ਕਰਵਾਉਣ ਲਈ ਲੜਕੀ ਦੀ ਚੋਣ ਕਰਨ ਹਿੱਤ ਸੁੰਦਰਤਾ ਮੁਕਾਬਲੇ ਦੇ ਫਲੈਕਸ ਲਾਉਣ ਦੀ ਕਾਰਵਾਈ ਅਤਿ ਨਿੰਦਣਯੋਗ ਹੈ। ਉਕਤ ਪ੍ਰਗਟਾਵਾ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੇ ਕੀਤਾ।

ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਇਸ ਮਾਮਲੇ ਸਬੰਧੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਨੂੰ ਹੁਕਮ ਦਿੱਤੇ ਕਿ ਉਹ ਇਸ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਜਲਦ ਤੋਂ ਜਲਦ ਪੇਸ਼ ਕਰਨ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਨਿਰਦੇਸ਼ ਦਿੱਤੇ ਕਿ ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਪ੍ਰਬੰਧਨ) ਐਕਟ, 1986 ਦੀ ਧਾਰਾ 4 ਅਨੁਸਾਰ ਲੜਕੀਆਂ ਦੇ ਸੁੰਦਰਤਾ ਮੁਕਾਬਲੇ ਸਬੰਧੀ ਵਿਵਾਦਤ ਫਲੈਕਸ ਲਗਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸ ਉਪਰੰਤ ਵਿਵਾਦਤ ਫਲੈਕਸ ਲਗਾਉਣ ਵਾਲਿਆਂ ਖਿਲਾਫ ਐਫ.ਆਈ.ਆਰ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਬਠਿੰਡਾ ਵਿਖੇ ਲੱਗੇ ਇਸ ਫਲੈਕਸ ਸਬੰਧੀ ਜਾਣਕਾਰੀ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਪ੍ਰਾਪਤ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁੰਦਰਤਾ ਦੇ ਨਾਂ ਤੇ ਔਰਤਾਂ ਵਿੱਚ ਭੇਦ-ਭਾਵ ਦੀ ਭਾਵਨਾ ਪੈਦਾ ਕਰਨ ਵਾਲਾ ਅਤੇ ਸਮਾਜ ਵਿੱਚ ਜਾਤ-ਪਾਤ ਨੂੰ ਹੁਲਾਰਾ ਦੇਣ ਵਾਲਾ ਹੈ।

ਡਾ.ਬਲਜੀਤ ਕੌਰ ਨੇ ਕਿਹਾ ਕਿ ਉਹ ਬਠਿੰਡਾ ਵਿੱਚ ਵਾਪਰੀ ਇਸ ਘਟਨਾ ਦੇ ਰੋਸ ਵਜੋਂ ਸ਼ਹਿਰ ਵਿੱਚ ਇੱਕ ਜਾਗਰੂਕਤਾ ਮਾਰਚ ਕੱਢਣਗੇ ਤਾਂ ਜੋਂ ਲੋਕਾਂ ਨੂੰ ਔਰਤਾਂ ਪ੍ਰਤੀ ਸਹੀ ਨਜ਼ਰੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਵਿਦੇਸ਼ ਵਿੱਚ ਵਸਣ ਦੀ ਚਾਹਤ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਾਪਰਨ ਦਾ ਕਾਰਣ ਬਣਦੀਆਂ ਹਨ।