ਮਾਲੇਰਕੋਟਲਾ – ‘ਆਪ’ ਕੌਂਸਲਰ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਪੰਜਾਬ ‘ਚ ਗੈਂਗਸਟਰਵਾਦ ਨੇ ਤਾਂ ਪੈਰ ਪਸਾਰ ਹੀ ਲਏ ਹਨ ਪਰ ਅੱਜ-ਕੱਲ੍ਹ ਆਪਸੀ ਰੰਜਿਸ਼ ਦੇ ਚੱਲਦਿਆਂ ਦਿਨ-ਦਿਹਾੜੇ ਆਮ ਲੋਕਾਂ ਵੱਲੋਂ ਵੀ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹੀ ਹੀ ਇਕ ਮਾਮਲਾ ਸੰਗਰੂਰ ਦੇ ਹਲਕਾ ਮਾਲੇਰਕੋਟਲਾ ਤੋਂ ਸਾਹਮਣੇ ਆਇਆ ਹੈ। ਮਾਲੇਰਕੋਟਲਾ ਦੇ ਵਾਰਡ ਨੰਬਰ.18 ਦੇ ‘ਆਪ’ ਕੌਂਸਲਰ ਦਾ ਅੱਜ ਸਵੇਰੇ 2 ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦਾ ਕੌਂਸਲਰ ਮੁਹੰਮਦ ਅਕਬਰ ਭੋਲੀ ਅੱਜ ਸਵੇਰੇ ਜਿਮ ਵਿਖੇ ਕਸਰਤ ਕਰ ਰਹੇ ਸੀ ਜਿਸ ਦੌਰਾਨ 2 ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਆਸ-ਪਾਸ ਦੇ ਲੋਕਾਂ ਵੱਲੋਂ ਉਸ ਨੂੰ ਨਿੱਜੀ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਵੱਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਕਤਲ ਆਪਸੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਜਾਂ ਸਿਆਸੀ ਕਾਰਨਾਂ ਕਰਕੇ। ਜ਼ਿਕਰਯੋਗ ਹੈ ਕਿ ਕਰੀਬ 2 ਸਾਲ ਪਹਿਲਾਂ ਮੁਹੰਮਦ ਅਕਬਰ ਭੋਲੀ ਦੇ ਭਰਾ ਕੌਂਸਲਰ ਅਤੇ ਰਾਣੀ ਪੈਲੇਸ ਮਾਲਕ ਮੁਹੰਮਦ ਅਨਵਰ ਦਾ ਵੀ ਲੁਧਿਆਣਾ ਬਾਈਪਾਸ ਨੇੜੇ ਇਕ ਜਨਾਜ਼ੇ ’ਚ ਜਾਂਦੇ ਸਮੇਂ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਪੁਲਸ ਵਲੋਂ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਲਾ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਜਾਰੀ ਹੈ।