ਬਠਿੰਡਾ ਜੇਲ ’ਚ ਜ਼ਬਰਦਸਤ ਗੈਂਗਵਾਰ, ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੈਂਗਸਟਰਾਂ ’ਤੇ ਹਮਲਾ

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸ਼ਾਰਪ ਸ਼ੂਟਰਾਂ ਤੱਕ ਕਾਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੈਂਗਸਟਰ ਸਾਰਜ ਮਿੰਟੂ ਉਰਫ਼ ਸਾਰਜ ਸੰਧੂ ਅਤੇ ਬੌਬੀ ਮਹਲੋਤਰਾ ਉਰਫ਼ ਸਾਗਰ ’ਤੇ 30 ਜੁਲਾਈ ਨੂੰ ਕੇਂਦਰੀ ਜੇਲ੍ਹ ਬਠਿੰਡਾ ਵਿਚ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਜੋਗਿੰਦਰ ਸਿੰਘ ਅਤੇ ਗੈਂਗਸਟਰ ਪਲਵਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਗੈਂਗਸਟਰਾਂ ਦੀ ਸਾਰਜ ਮਿੰਟੂ ਉਰਫ ਸਾਰਜ ਸੰਧੂ ਅਤੇ ਬੌਬੀ ਮਹਲੋਤਰਾ ਉਰਫ ਸਾਗਰ ਨਾਲ 10 ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ।

ਬੀਤੀ ਦਿਨ ਸ਼ਨੀਵਾਰ ਨੂੰ ਜਦੋਂ ਜੇਲ ਅੰਦਰ ਬੰਦੀਆਂ ਨੂੰ ਖੋਲ੍ਹਿਆ ਗਿਆ ਤਾਂ ਚਾਰੇ ਗੈਂਗਸਟਰ ਆਹਮੋ-ਸਾਹਮਣੇ ਆ ਗਏ ਅਤੇ ਉਨ੍ਹਾਂ ਨੇ ਸਾਰਜ ਮਿੰਟੂ ਉਰਫ ਸਾਰਜ ਸੰਧੂ ਅਤੇ ਬੌਬੀ ਮਹਲੋਤਰਾ ਉਰਫ ਸਾਗਰ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਲੜਾਈ ਦਾ ਪਤਾ ਲੱਗਣ ’ਤੇ ਜੇਲ੍ਹ ਅਧਿਕਾਰੀਆਂ ਨੇ ਦਖਲ ਦੇ ਕੇ ਚਾਰੇ ਗੈਂਗਸਟਰਾਂ ਨੂੰ ਵੱਖ-ਵੱਖ ਕਰਕੇ ਬੈਰਕਾਂ ’ਚ ਬੰਦ ਕਰ ਦਿੱਤਾ ਅਤੇ ਮਾਮਲੇ ਦੀ ਸੂਚਨਾ ਥਾਣਾ ਕੈਂਟ ਪੁਲਸ ਨੂੰ ਦਿੱਤੀ ਗਈ। ਥਾਣਾ ਕੈਂਟ ਦੀ ਪੁਲਸ ਨੇ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਜੇਲ੍ਹ ਸੁਪਰਡੈਂਟ ਸੁਰਿੰਦਰਪਾਲ ਸਿੰਘ ਦੀ ਸ਼ਿਕਾਇਤ ’ਤੇ ਕੁੱਟਮਾਰ ਕਰਨ ਵਾਲੇ ਗੈਂਗਸਟਰ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਸ ਵੱਲੋਂ ਉਸ ਨੂੰ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਦੱਸ ਦੇਈਏ ਕਿ ਗੈਂਗਸਟਰ ਸਾਰਜ ਮਿੰਟੂ ਉਰਫ ਸਾਰਜ ਸੰਧੂ ਅਤੇ ਬੌਬੀ ਮਲਹੋਤਰਾ ਉਰਫ ਸਾਗਰ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਹੋਏ ਹਨ। ਇਹ ਦੋਵੇਂ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਤੋਂ ਕੋਰਲੋ ਕਾਰ ਲੈ ਕੇ ਸ਼ਾਰਪ ਸ਼ੂਟਰਾਂ ਕੋਲ ਪਹੁੰਚ ਗਏ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਨਾਮਜ਼ਦ ਕੀਤਾ ਸੀ। ਇਸ ਮਗਰੋਂ ਮਾਨਸਾ ਪੁਲਸ ਸਮੇਤ ਬਠਿੰਡਾ ਪੁਲਸ ਨੇ ਦੋਵਾਂ ਨੂੰ ਮੂਸੇਵਾਲਾ ਕਤਲ ਕੇਸ ਵਿਚ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਕੇਂਦਰੀ ਜੇਲ੍ਹ ਭੇਜ ਦਿੱਤਾ।