ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੇ ਕੁਝ ਸਮਾਂ ਪਹਿਲਾਂ ਹੀ ਪਤਨੀ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਦੇ ਬੇਬੀ ਸ਼ਾਵਰ ਦੀਆਂ ਲੱਗ ਰਹੀਆਂ ਹਨ।ਪਹਿਲੀ ਤਸਵੀਰ ’ਚ ਪਰਮੀਸ਼ ਵਰਮਾ ਪਤਨੀ ਗੀਤ ਨਾਲ ਖੜ੍ਹੇ ਨਜ਼ਰ ਆ ਰਹੇ ਹਨ, ਜਿਸ ’ਚ ਉਸ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।
ਦੂਜੀ ਤਸਵੀਰ ’ਚ ਖ਼ੂਬਸੂਰਤ ਡੈਕੋਰੇਸ਼ਨ ਨਜ਼ਰ ਆ ਰਹੀ ਹੈ, ਜਿਸ ਦੇ ਨਾਲ ‘ਬੇਬੀ ਵਰਮਾ’ ਲਿਖਿਆ ਹੋਇਆ ਹੈ। ਤੀਜੀ ਤਸਵੀਰ ਫੁੱਲਾਂ ਨਾਲ ਸਜੇ ਇਕ ਡਿਜ਼ਾਈਨਰ ਪੀਸ ਦੀ ਹੈ, ਜਿਸ ’ਚ ‘ਬੇਬੀ ਵੀ’ ਬਣਿਆ ਹੋਇਆ ਹੈ। ਚੌਥੀ ਤੇ ਪੰਜਵੀਂ ਤਸਵੀਰ ’ਚ ਵੀ ਸਾਨੂੰ ਦਿਲਕਸ਼ ਡੈਕੋਰੇਸ਼ਨ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਸਾਡੇ ਸੁਪਨੇ ਪੂਰੇ ਹੋ ਰਹੇ ਹਨ, ਰੱਬ ਮਿਹਰਬਾਨ ਹੈ। ਬਹੁਤ ਸਾਰਾ ਪਿਆਰ ‘ਬੇਬੀ’ ਤੇ ‘ਬੇਬੀ ਵੀ’।’’
ਪੰਜਾਬੀ ਗਾਇਕੀ ਦੇ ਮਸ਼ਹੂਰ ਸਿਤਾਰੇ ਪਰਮੀਸ਼ ਵਰਮਾ ਅੱਜ ਦੇ ਸਮੇਂ ਵਿੱਚ ਬੁਲੰਦੀਆਂ ਤੇ ਹਨ। ਪਰਮੀਸ਼ ਵਰਮਾ ਦਾ ਜਨਮ 3 ਜੁਲਾਈ 1990 ਨੂੰ ਪਟਿਆਲਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸਤੀਸ਼ ਵਰਮਾ ਹੈ ਅਤੇ ਮਾਤਾ ਦਾ ਨਾਮ ਪਰਮਜੀਤ ਕੌਰ ਵਰਮਾ ਹੈ। ਪਰਮੀਸ਼ ਦਾ ਨਾਮ ਵੀ ਆਪਣੇ ਮਾਤਾ ਅਤੇ ਪਿਤਾ ਦੇ ਨਾਮ ਦੇ ਵਿੱਚੋਂ ਹੀ ਨਿਕਲਿਆ ਹੈ। ਪੇਸ਼ੇ ਵਜੋਂ ਸਤੀਸ਼ ਵਰਮਾ ਪੰਜਾਬੀ ਦੇ ਲਿਖਾਰੀ ਕਵੀ ਅਤੇ ਥੀਏਟਰ ਆਰਟਿਸਟ ਸਨ ਅਤੇ ਪੰਜਾਬੀ ਯੂਨੀਵਰਸਿਟੀ ਵਿੱਚੋਂ ਰਿਟਾਇਰ ਹੋਏ ਹਨ। ਪਰਮੀਸ਼ ਵਰਮਾ ਦੀ ਇਕ ਵੱਡੀ ਭੈਣ ਹੈ ਜਿਸਦਾ ਨਾਮ ਸ਼ੈਰੀ ਰਾਣਾ ਹੈ ਅਤੇ ਇਕ ਛੋਟਾ ਭਰਾ ਸੁਖਨ ਵਰਮਾ ਹੈ। ਪਿਛਲੇ ਸਾਲ ਹੀ ਪਰਮੀਸ਼ ਵਰਮਾ ਨੇ ਕੈਨੇਡਾ ਦੀ ਇੱਕ ਰਾਜਨੇਤਾ ਗੁਨੀਤ ਕੌਰ ਗਰੇਵਾਲ ਨਾਲ ਵਿਆਹ ਰਚਾਇਆ ਹੈ।
ਪਰਮੀਸ਼ ਵਰਮਾ ਪਹਿਲਾਂ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਆਸਟ੍ਰੇਲੀਆ ਜਾ ਕੇ ਵੱਸ ਗਏ ਸਨ। ਆਸਟ੍ਰੇਲੀਆ ਦੀ PR ਲੈਣ ਤੋਂ ਬਾਅਦ ਇੱਕ ਵਾਰ ਫੇਰ ਪਰਮੀਸ਼ ਵਰਮਾ ਵਾਪਸ ਭਾਰਤ ਆਏ। ਵਾਪਸ ਪੰਜਾਬ ਆਉਣ ਤੋਂ ਬਾਅਦ ਪਰਮੀਸ਼ ਵਰਮਾ ਨੇ ਪੰਜਾਬ ਬੋਲਦਾ ਨਾਮਕ ਇੱਕ ਪੰਜਾਬੀ ਫ਼ਿਲਮ ਵਿੱਚ ਬਤੌਰ ਸਪੋਰਟਿੰਗ ਐਕਟਰ ਕੰਮ ਕੀਤਾ। ਪਰਮੀਸ਼ ਵਰਮਾ ਦੱਸਦੇ ਹਨ ਭਾਰਤ ਆਉਣ ਤੋਂ ਬਾਅਦ ਗੁਰਦਾਸ ਮਾਨ ਦੇ ਪਰਿਵਾਰ ਨੇ ਵੀ ਉਨ੍ਹਾਂ ਦੀ ਬਹੁਤ ਮਦਦ ਕੀਤੀ ਅਤੇ ਗੁਰਦਾਸ ਮਾਨ ਦੇ ਸਪੁੱਤਰ ਗੁਰੀਕ ਮਾਨ ਨੇ ਉਨ੍ਹਾਂ ਨੂੰ ਡਾਇਰੈਕਸ਼ਨ ਦਾ ਕੰਮ ਵੀ ਸਿਖਾਇਆ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣਾ ਡਾਇਰੈਕਸ਼ਨ ਹਾਊਸ ਸ਼ੁਰੂ ਕਰ ਲਿਆ। ਪਹਿਲਾ ਕਮਰਸ਼ਲ ਹਿੱਟ ਗਾਣਾ ਉਨ੍ਹਾਂ ਵੱਲੋਂ ਡਾਇਰੈਕਟ ਕੀਤਾ ਗਿਆ ਅਤੇ ਗਾਇਕ ਨਿੰਜਾ ਵੱਲੋਂ ਗਾਇਆ ਗਿਆ ਗਾਣਾ ‘ਠੋਕਦਾ ਰਿਹਾ’ ਸੀ।ਇਸ ਗਾਣੇ ਦੀ ਸਫਲਤਾ ਤੋਂ ਬਾਅਦ ਪਰਮੀਸ਼ ਵਰਮਾ ਨੇ ਮੁੜਕੇ ਨਹੀਂ ਦੇਖਿਆ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਗਾਇਕੀ ਵਿੱਚ ਵੀ ਆਪਣੇ ਪੈਰ ਜਮਾਏ ਅਤੇ ਆਪਣਾ ਪਹਿਲਾ ਗਾਣਾ ਆਹ ਲੈ ਚੱਕ ਮੈਂ ਆ ਗਿਆ ਗਾਇਆ। ਇਹ ਗਾਣਾ ਵੀ ਬਹੁਤ ਹਿੱਟ ਹੋਇਆ। ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਇੱਕ ਤੋਂ ਇੱਕ ਹਿੱਟ ਗਾਣੇ ਗਾਏ ਜਿਨ੍ਹਾਂ ਵਿਚ ਛੜਾ, ਗਾਲ਼ ਨਹੀਂ ਕੱਢਣੀ ਆਦਿ ਸਨ। ਪਰਮੀਸ਼ ਵਰਮਾ ਨੇ ਬਤੌਰ ਐਕਟਰ ਵੀ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫ਼ਿਲਮ ਰੌਕੀ ਮੈਂਟਲ ਵੀ ਬਹੁਤ ਸਫ਼ਲ ਫ਼ਿਲਮ ਸੀ। ਰੌਕੀ ਮੈਂਟਲ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਦਿਲ ਦੀਆਂ ਗੱਲਾਂ ਸੀ ਜੋ ਬਹੁਤ ਹਿੱਟ ਹੋਈਆਂ। ਪਿਛਲੇ ਦਿਨੀਂ ਪਿਓ ਪੁੱਤ ਦੇ ਰਿਸ਼ਤੇ ਨੂੰ ਦਰਸਾਉਂਦੀ ਪਰਮੀਸ਼ ਅਤੇ ਡਾ ਸਤੀਸ਼ ਵਰਮਾ ਦੀ ਫ਼ਿਲਮ ,ਮੈਂ ਅਤੇ ਬਾਪੂ ਰਿਲੀਜ਼ ਹੋਈ ਹੈ। ਇਹ ਵੀ ਹਿੱਟ ਜਾ ਰਹੀ ਹੈ।