ਸਵੰਬਰ ਤੋਂ ਬਾਅਦ ਪਹਿਲੀ ਵਾਰ ਆਪਣੀ ਲਾੜੀ ਨਾਲ ਦਿਖੇ ਮੀਕਾ ਸਿੰਘ ਨੂੰ ਲੋਕਾਂ ਨੇ ਕਰ ਦਿੱਤਾ ਟਰੋਲ

ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੂੰ ਆਖਿਰਕਾਰ ਆਪਣੀ ਰਾਜਕੁਮਾਰੀ ਮਿਲ ਗਈ ਹੈ। ਸਵੰਬਰ ’ਚ ਆਈਆਂ ਕਈ ਕੁੜੀਆਂ ਨਾਲ ਮੀਕਾ ਸਿੰਘ ਦਾ ਡੂੰਘਾ ਰਿਸ਼ਤਾ ਦਿਖਿਆ ਪਰ ਲੱਗਦਾ ਹੈ ਕਿ ਉਸ ਦਾ ਦਿਲ ਤਾਂ ਸਿਰਫ ਆਕਾਂਕਸ਼ਾ ਪੁਰੀ ’ਤੇ ਹੀ ਅਟਕ ਗਈ ਹੈ। ਇਸੇ ਲਈ ਤਾਂ ਉਨ੍ਹਾਂ ਨੇ ਇੰਨੀਆਂ ਕੁੜੀਆਂ ਨੂੰ ਰਿਜੈਕਟ ਕਰਕੇ ਆਕਾਂਕਸ਼ਾ ਨੂੰ ਹਮਸਫਰ ਬਣਾਇਆ।

ਸਵੰਬਰ ਖ਼ਤਮ ਹੋਣ ਤੋਂ ਬਾਅਦ ਮੀਕਾ ਸਿੰਘ ਪਹਿਲੀ ਵਾਰ ਆਪਣੀ ਦੁਲਹਨੀਆ ਆਕਾਂਕਸ਼ਾ ਪੁਰੀ ਨਾਲ ਨਜ਼ਰ ਆਏ। ਸਵੰਬਰ ਸ਼ੋਅ ’ਚ ਇਕ-ਦੂਜੇ ਦਾ ਹੱਥ ਫੜਨ ਤੋਂ ਬਾਅਦ ਮੀਕਾ ਤੇ ਆਕਾਂਕਸ਼ਾ ਪੁਰੀ ਨੂੰ ਇਕੱਠਿਆਂ ਦੇਖਣਾ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਦੋਵੇਂ ਹੀ ਬੇਹੱਦ ਸਟਾਈਲਿਸ਼ ਅੰਦਾਜ਼ ’ਚ ਦਿਖੇ। ਦੋਵੇਂ ਇਕ-ਦੂਜੇ ਨੂੰ ਕੰਪਲੀਮੈਂਟ ਕਰ ਰਹੇ ਹਨ।

ਪਿੰਕ ਬੈਕਲੈੱਸ ਸ਼ਾਰਟ ਡਰੈੱਸ ’ਚ ਆਕਾਂਕਸ਼ਾ ਪੁਰੀ ਸੁਪਰ ਸਟਾਈਲਿਸ਼ ਤੇ ਗਲੈਮਰੈੱਸ ਅੰਦਾਜ਼ ’ਚ ਦਿਖੀ, ਜਦਕਿ ਮੀਕਾ ਸਿੰਘ ਵੀ ਸੂਟ ’ਚ ਕਾਫੀ ਜਚ ਰਹੇ ਹਨ। ਮੀਕਾ ਸਿੰਘ ਤੇ ਆਕਾਂਕਸ਼ਾ ਪੁਰੀ ਇਕ-ਦੂਜੇ ਨਾਲ ਮੇਡ ਫਾਰ ਈਚ ਅਦਰ ਲੱਗ ਰਹੇ ਹਨ। ਦੋਵਾਂ ਦੀ ਜੋੜੀ ਪ੍ਰਸ਼ੰਸਕਾਂ ਨੂੰ ਪਸੰਦ ਵੀ ਆ ਰਹੀ ਹੈ ਪਰ ਕਈ ਲੋਕ ਅਜਿਹੇ ਵੀ ਹਨ, ਜੋ ਮੀਕਾ ਸਿੰਘ ਨੂੰ ਟਰੋਲ ਕਰ ਰਹੇ ਹਨ। ਹੁਣ ਇਸ ਦੀ ਕੀ ਵਜ੍ਹਾ ਹੈ, ਆਓ ਤੁਹਾਨੂੰ ਦੱਸਦੇ ਹਾਂ।

ਅਸਲ ’ਚ ਮੀਕਾ ਸਿੰਘ ਤੇ ਆਕਾਂਕਸ਼ਾ ਪੁਰੀ ਬੀਤੇ 10-12 ਸਾਲਾਂ ਤੋਂ ਇਕ-ਦੂਜੇ ਦੇ ਖ਼ਾਸ ਦੋਸਤ ਹਨ। ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਵਾਇਰਲ ਹੋ ਚੁੱਕੀਆਂ ਹਨ। ਅਜਿਹੇ ’ਚ ਆਕਾਂਕਸ਼ਾ ਪੁਰੀ ਦਾ ਮੀਕਾ ਦੇ ਸਵੰਬਰ ’ਚ ਵਾਈਲਡ ਕਾਰਡ ਐਂਟਰੀ ਕਰਨਾ ਤੇ ਸ਼ੋਅ ਦੀ ਜੇਤੂ ਬਣਨਾ ਕੁਝ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਯੂਜ਼ਰਸ ਮੀਕਾ ਦੇ ਫ਼ੈਸਲੇ ਨੂੰ ਪ੍ਰੀ-ਪਲਾਨਡ ਦੱਸ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਸ਼ੋਅ ਸਕ੍ਰਿਪਟਿਡ ਸੀ। ਕਈ ਲੋਕਾਂ ਨੂੰ ਤਾਂ ਮੀਕਾ ਤੇ ਆਕਾਂਕਸ਼ਾ ਦੀ ਜੋੜੀ ਵੀ ਮਿਸ-ਮੈਚ ਲੱਗ ਰਹੀ ਹੈ।

ਇਕ ਯੂਜ਼ਰ ਨੇ ਕੱਪਲ ਨੂੰ ਟਰੋਲ ਕਰਦਿਆਂ ਲਿਖਿਆ, ‘‘ਇਹ ਵਿਆਹ ਨਹੀਂ ਕਰਨਗੇ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਸਕ੍ਰਿਪਟਿਡ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਬਿਲਕੁਲ ਬੇਕਾਰ ਜੋੜੀ।’’

ਉਥੇ ਇਕ ਹੋਰ ਯੂਜ਼ਰ ਨੇ ਮੀਕਾ ਸਿੰਘ ਤੇ ਆਕਾਂਕਸ਼ਾ ਪੁਰੀ ਬਾਰੇ ਕਿਹਾ ਕਿ ਉਨ੍ਹਾਂ ਦੋਵਾਂ ਵਿਚਾਲੇ ਕੋਈ ਕੈਮਿਸਟਰੀ ਨਹੀਂ ਹੈ। ਦੋਵਾਂ ਨੂੰ ਦੇਖ ਕੇ ਲੱਗ ਹੀ ਨਹੀਂ ਰਿਹਾ ਕਿ ਇਹ ਕੱਪਲ ਹਨ।