ਅਰਜੁਨ ਕਪੂਰ ਨੇ ਕਰੋੜਾਂ ਦੇ ਘਾਟੇ ’ਚ ਵੇਚਿਆ ਫਲੈਟ, ਮਲਾਇਕਾ ਅਰੋੜਾ ਦੀ ਬਿਲਡਿੰਗ ਨੂੰ ਕਿਹਾ ਅਲਵਿਦਾ

ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਬਾਲੀਵੁੱਡ ਦੇ ਸਭ ਤੋਂ ਚਰਚਿਤ ਕੱਪਲਜ਼ ’ਚੋ ਇਕ ਹਨ। ਦੋਵੇਂ ਲੰਮੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਤੇ ਉਨ੍ਹਾਂ ਦੇ ਵਿਆਹ ਦੀਆਂ ਚਰਚਾਵਾਂ ਵੀ ਸਮੇਂ-ਸਮੇਂ ’ਤੇ ਆਉਂਦੀਆਂ ਰਹਿੰਦੀਆਂ ਹਨ। ਅਰਜੁਨ ਤੇ ਮਲਾਇਕਾ ਦੇ ਵਿਆਹ ਨੂੰ ਲੈ ਕੇ ਪਿਛਲੇ ਸਾਲ ਉਦੋਂ ਕਿਆਸ ਲਗਾਈ ਜਾਣ ਲੱਗੀ, ਜਦੋਂ ਪਤਾ ਲੱਗਾ ਕਿ ਅਰਜੁਨ ਕਪੂਰ ਨੇ ਮਲਾਇਕਾ ਅਰੋੜਾ ਦੀ ਬਿਲਡਿੰਗ ’ਚ 4 ਬੀ. ਐੱਚ. ਕੇ. ਫਲੈਟ ਖਰੀਦਿਆ ਹੈ।

ਹੁਣ ਜਾਣਕਾਰੀ ਮਿਲੀ ਹੈ ਕਿ ਅਰਜੁਨ ਕਪੂਰ ਨੇ ਆਪਣਾ ਇਹ ਫਲੈਟ ਵੇਚ ਦਿੱਤਾ ਹੈ। ਅਰਜੁਨ ਕਪੂਰ ਨੇ ਬਾਂਦਰਾ ਦੇ 81 ਔਰੇਟ ਬਿਲਡਿੰਗ ਦੇ 19ਵੇਂ ਫਲੋਰ ’ਤੇ ਫਲੈਟ ਖਰੀਦਿਆ ਸੀ। ਇਹ 4364 ਸਕੁਏਅਰ ਫੁੱਟ ’ਚ ਬਣਿਆ ਹੋਇਆ ਹੈ। ਉਨ੍ਹਾਂ ਨੇ ਇਸ ਨੂੰ 20 ਕਰੋੜ ਰੁਪਏ ’ਚ ਖਰੀਦਿਆ ਸੀ।

ਹਿੰਦੁਸਤਾਨ ਟਾਈਮਜ਼ ਮੁਤਾਬਕ ਅਰਜੁਨ ਕਪੂਰ ਨੇ 4 ਕਰੋੜ ਦੇ ਘਾਟੇ ’ਚ ਇਸ ਫਲੈਟ ਨੂੰ 16 ਕਰੋੜ ਰੁਪਏ ’ਚ ਵੇਚ ਦਿੱਤਾ ਹੈ। ਫਲੈਟ 19 ਮਈ ਨੂੰ ਰਜਿਸਟਰ ਕਰਵਾਇਆ ਗਿਆ ਸੀ। ਅਰਜੁਨ ਦੀ ਭੈਣ ਅੰਸ਼ੁਲਾ ਕਪੂਰ ਨੇ ਦਸਤਾਵੇਜ਼ਾਂ ’ਤੇ ਹਸਤਾਖ਼ਰ ਕੀਤੇ। ਅਰਜੁਨ ਕਪੂਰ ਜੁਹੂ ਦੇ ਰਹੇਜਾ ਆਰਕਿਡ ਦੇ 7ਵੇਂ ਫਲੋਰ ’ਤੇ ਰਹਿੰਦੇ ਹਨ। ਇਸ ਬਾਰੇ ਅਦਾਕਾਰ ਦੇ ਬੁਲਾਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵਲੋਂ ਇਸ ਬਾਰੇ ਕੋਈ ਜਵਾਬ ਨਹੀਂ ਮਿਲਿਆ।

ਅਰਜੁਨ ਕਪੂਰ ਦੇ ਫਲੈਟ ਵੇਚਣ ਤੋਂ ਇਕ ਹਫ਼ਤੇ ਪਹਿਲਾਂ ਕਰਨ ਕੁੰਦਰਾ ਨੇ 14 ਕਰੋੜ ਰੁਪਏ ’ਚ ਉਸੇ ਬਿਲਡਿੰਗ ’ਚ ਆਪਣਾ ਫਲੈਟ ਖਰੀਦਿਆ ਸੀ। ਮਾਰਚ 2020 ’ਚ ਸੋਨਾਕਸ਼ੀ ਸਿਨ੍ਹਾ ਨੇ ਵੀ ਉਸੇ ਬਿਲਡਿੰਗ ਦੇ 16ਵੇਂ ਫਲੋਰ ’ਤੇ ਸਥਿਤ ਫਲੈਟ ਨੂੰ 14 ਕਰੋੜ ਰੁਪਏ ’ਚ ਖਰੀਦਿਆ। ਇਨ੍ਹਾਂ ਤੋਂ ਇਲਾਵਾ ਕ੍ਰਿਕਟਰ ਪ੍ਰਿਥਵੀ ਸ਼ਾਹ ਨੇ ਫਲੈਟ ਲਈ 10.5 ਕਰੋੜ ਰੁਪਏ ਦਿੱਤੇ। ਨਵਾਬ ਮਲਿਕ ਦੇ ਪੁੱਤਰ ਫਰਾਜ਼ ਮਲਿਕ ਨੇ ਵੀ ਇਸੇ ਬਿਲਡਿੰਗ ਦੇ 19ਵੇਂ ਫਲੋਰ ’ਤੇ ਫਲੈਟ ਨੂੰ 9.95 ਕਰੋੜ ਰੁਪਏ ਦੇ ਕੇ ਆਪਣੇ ਨਾਂ ਕੀਤਾ।