ਪਤਨੀ ਦੀ ਹੀ ਸਾਜਿਸ਼ ਸੀ ਦੁਬਈ ਤੋਂ ਪਰਤੇ ਨੌਜਵਾਨ ਦੇ ਕਤਲ ਦੀ-ਪੁਲਿਸ ਨੇ 12 ਘੰਟਿਆਂ ‘ਚ ਸੁਲਝਾਇਆ

ਅੰਮ੍ਰਿਤਸਰ, 12 ਜੂਨ 2022 – ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੱਜ ਸਵੇਰੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਜਾਣ ਲਈ ਨਿਕਲੇ ਨੌਜਵਾਨ ਦੀ ਦੋ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਹ ਘਟਨਾ ਅੰਮ੍ਰਿਤਸਰ ਦੇ ਘਣੂਪੁਰ ਕਾਲੇ ਵਿਖੇ ਵਾਪਰੀ ਸੀ। ਮ੍ਰਿਤਕ ਦੀ ਪਛਾਣ ਹਰਪਿੰਦਰ ਸਿੰਘ (35) ਵਜੋਂ ਹੋਈ ਸੀ ਅਤੇ ਉਹ ਕੁੱਝ ਦਿਨ ਪਹਿਲਾਂ ਦੁਬਈ ਤੋਂ ਅੰਮ੍ਰਿਤਸਰ ਪਰਤਿਆ ਸੀ।

ਪੁਲਿਸ ਨੇ ਕਤਲ ਮਾਮਲੇ ਨੂੰ 12 ਘੰਟਿਆਂ ‘ਚ ਸੁਲਝਾ ਲਿਆ ਹੈ। ਨੌਜਵਾਨ ਦਾ ਕਤਲ ਉਸ ਦੀ ਪਤਨੀ ਵੱਲੋਂ ਹੀ ਕਰਵਾਇਆ ਗਿਆ ਸੀ। ਕਮਿਸ਼ਨਰ ਨੇ ਜਾਣਕਰੀ ਦਿੰਦੇ ਹੋਏ ਦੱਸਿਆ ਕੇ ਪਤੀ ਦਾ ਕਤਲ ਕਰਵਾਉਣ ਲਈ ਪਤਨੀ ਨੇ 2 ਲੱਖ 70 ਹਜ਼ਾਰ ਰੁਪਏ ਦੀ ਫਿਰੌਤੀ ਦਿੱਤੀ ਸੀ।

ਪਤਨੀ ਵੱਲੋਂ ਆਪਣੇ ਪਤੀ ਦਾ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣ ਸਮੇਂ ਹੀ ਕਤਲ ਕਰਵਾ ਦਿੱਤਾ ਸੀ। ਪੁਲੀਸ ਮੁਤਾਬਕ ਮ੍ਰਿਤਕ ਪਿਛਲੇ 12 ਸਾਲਾਂ ਤੋਂ ਦੁਬਈ ਵਿੱਚ ਰਹਿ ਕੇ ਆਪਣਾ ਕਾਰੋਬਾਰ ਕਰ ਰਿਹਾ ਸੀ। ਉਹ 12 ਸਾਲਾਂ ਬਾਅਦ ਭਾਰਤ ਆਪਣੇ ਘਰ ਵਾਪਸ ਪਰਤਿਆ ਸੀ। ਅੱਜ ਸਵੇਰੇ ਉਹ ਆਪਣੀ ਪਤਨੀ ਸਤਨਾਮ ਕੌਰ ਦੇ ਨਾਲ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਨਿਕਲਦਾ ਹੈ ਤਾਂ ਉਸ ਦੀ ਪਤਨੀ ਸਤਨਾਮ ਕੌਰ ਆਪਣੇ ਆਸ਼ਿਕ ਅਰਸ਼ਦੀਪ ਸਿੰਘ ਨਾਲ ਅਤੇ ਉਸ ਦੇ ਹੋਰ ਸਾਥੀ ਵਰਿੰਦਰ ਸਿੰਘ ਨਾਲ ਮਿਲ ਕੇ ਆਪਣੇ ਹੀ ਪਤੀ ਹਰਪਿੰਦਰ ਸਿੰਘ ਦਾ ਕਤਲ ਕਰਵਾ ਦਿੰਦੀ ਹੈ। ਪੁਲਸ ਵੱਲੋਂ ਅਰਸ਼ਦੀਪ ਸਿੰਘ ਵਰਿੰਦਰ ਸਿੰਘ ਅਤੇ ਸਤਨਾਮ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ ਜਦੋਂ ਹਰਪਿੰਦਰ ਸਿੰਘ ਵਿਦੇਸ਼ ਰਹਿੰਦਾ ਸੀ ਤਾਂ ਇਸ ਦੀ ਪਤਨੀ ਸਤਨਾਮ ਕੌਰ ਦੇ ਅਰਸ਼ਦੀਪ ਸਿੰਘ ਨਾਮਕ ਵਿਅਕਤੀ ਦੇ ਨਾਲ ਨਾਜਾਇਜ਼ ਸਬੰਧ ਬਣ ਗਏ। ਜਦੋਂ ਹਰਿੰਦਰ ਸਿੰਘ ਭਾਰਤ ਵਾਪਸ ਆਇਆ ਤਾਂ ਉਸ ਨੂੰ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਦਾ ਪਤਾ ਲੱਗ ਗਿਆ ਜਿਸ ਤੋਂ ਬਾਅਦ ਉਸ ਦੀ ਪਤਨੀ ਸਤਨਾਮ ਕੌਰ ਅਤੇ ਅਰਸ਼ਦੀਪ ਸਿੰਘ ਨੇ ਹਰਿੰਦਰ ਸਿੰਘ ਦਾ ਕਤਲ ਕਰਨ ਬਾਰੇ ਸਾਜ਼ਿਸ਼ ਰਚੀ, ਜਿਸ ਵਿੱਚ ਕਿ ਉਨ੍ਹਾਂ ਨੇ ਗੋਇੰਦਵਾਲ ਦੇ ਰਹਿਣ ਵਾਲੇ ਵਰਿੰਦਰ ਸਿੰਘ ਨੂੰ ਦੋ ਲੱਖ ਸੱਤਰ ਹਜ਼ਾਰ ਰੁਪਏ ਦੇ ਕੇ ਹਰਿੰਦਰ ਸਿੰਘ ਦਾ ਕਤਲ ਕਰਨ ਲਈ ਪਲੈਨ ਬਣਾਇਆ।

ਅੱਜ ਜਦੋਂ ਸਵੇਰੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੇ ਸੀ ਤਾਂ ਅਰਸ਼ਦੀਪ ਸਿੰਘ ਅਤੇ ਵਰਿੰਦਰ ਸਿੰਘ ਨੇ ਹਰਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਵਾਰਦਾਤ ਵਿਚ ਇਸਤੇਮਾਲ ਕੀਤਾ ਹਥਿਆਰ ਅਰਸ਼ਦੀਪ ਸਿੰਘ ਦੇ ਕਿਸੇ ਰਿਸ਼ਤੇਦਾਰ ਦਾ ਲਾਇਸੈਂਸੀ ਪਿਸਤੌਲ ਸੀ ਅਤੇ ਵਾਰਦਾਤ ਵੇਲੇ ਇਸਤੇਮਾਲ ਕੀਤਾ ਮੋਟਰਸਾਈਕਲ ਵੀ ਪੁਲਸ ਨੇ ਬਰਾਮਦ ਕਰ ਲਿਆ ਹੈ ਪੁਲਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।