ਜਾਤੀਸੂਚਕ ਟਿੱਪਣੀ ਮਾਮਲਾ : ਯੁਵਰਾਜ ਸਿੰਘ ਦੀ ਗ੍ਰਿਫਤਾਰੀ ਬਾਰੇ ਹਾਈਕੋਰਟ ਨੇ ਲਿਆ ਇਹ ਫੈਸਲਾ

ਚੰਡੀਗੜ੍ਹ : ਇਤਰਾਜ਼ਯੋਗ ਜਾਤੀਸੂਚਕ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਕ੍ਰਿਕਟਰ ਯੁਵਰਾਜ ਸਿੰਘ (Yuvraj Singh) ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤਹਿਤ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਉਨ੍ਹਾਂ ਨੂੰ ਪੁਲਿਸ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।

ਕ੍ਰਿਕਟਰ ਯੁਵਰਾਜ ਸਿੰਘ (Yuvraj Singh)ਵੱਲੋਂ ਉਸ ਵਿਰੁੱਧ ਦਰਜ FIR ਨੂੰ ਰੱਦ ਕਰਨ ਦੀ ਪਟੀਸ਼ਨ ‘ਤੇ ਹਾਈਕੋਰਟ ਵਲੋਂ ਸੁਣਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹਾਈਕੋਰਟ ਨੇ ਹਰਿਆਣਾ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਯੁਵਰਾਜ ਸਿੰਘ ਨੂੰ ਜੇਕਰ ਜਾਂਚ ਵਿੱਚ ਸ਼ਾਮਲ ਹੋਣ ਦੌਰਾਨ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਅੰਤਰਿਮ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਜਾਵੇ।

ਜ਼ਿਕਰਯੋਗ ਹੈ ਕਿ ਇੱਕ ਵਾਇਰਲ ਵੀਡੀਓ ਵਿਚ ਯੁਵਰਾਜ ਸਿੰਘ ਵਲੋਂ ਕੁਝ ਇਤਰਾਜ਼ਯੋਗ ਸ਼ਬਦ ਬੋਲੇ ਗਏ ਸਨ ਜਿਸ ਨੂੰ ਲੈ ਕੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਯੁਵਰਾਜ ਸਿੰਘ (Yuvraj Singh) ਨੇ ਪਟੀਸ਼ਨ ਦਾਇਰ ਕਰਦਿਆਂ ਦੱਸਿਆ ਸੀ ਕਿ 1 ਅਪ੍ਰੈਲ, 2020 ਨੂੰ ਉਹ ਆਪਣੇ ਸਾਥੀ ਰੋਹਿਤ ਸ਼ਰਮਾ ਨਾਲ ਸੋਸ਼ਲ ਮੀਡੀਆ ‘ਤੇ ਲਾਈਵ ਚੈਟ ਕਰ ਰਿਹਾ ਸੀ। ਇਸ ਦੌਰਾਨ, ਲੌਕਡਾਊਨ ਬਾਰੇ ਵਿਚਾਰ-ਵਟਾਂਦਰੇ ਦੌਰਾਨ, ਉਸ ਨੇ ਆਪਣੇ ਸਾਥੀ ਯੁਜਵੇਂਦਰ ਸਿੰਘ ਅਤੇ ਕੁਲਦੀਪ ਯਾਦਵ ਨੂੰ ਮਜ਼ਾਕ ਵਿੱਚ ਕੁਝ ਸ਼ਬਦ ਕਹੇ ਸਨ। ਇਸ ਤੋਂ ਬਾਅਦ ਇਹ ਵੀਡੀਓ ਇਸ ਸੰਦੇਸ਼ ਨਾਲ ਵਾਇਰਲ ਹੋਇਆ ਕਿ ਇਹ ਅਨੁਸੂਚਿਤ ਜਾਤੀਆਂ ਦਾ ਅਪਮਾਨ ਹੈ। ਇਹ ਸਭ ਇੱਕ ਮਜ਼ਾਕ ਦਾ ਹਿੱਸਾ ਸੀ ਅਤੇ ਇਹ ਕਿਸੇ ਦਾ ਅਪਮਾਨ ਕਰਨ ਲਈ ਨਹੀਂ ਸੀ।

ਸ਼ਿਕਾਇਤਕਰਤਾ ਰਜਤ ਕਲਸਨ ਵਲੋਂ ਲਗਾਤਾਰ ਯੁਵਰਾਜ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਅਜੇ ਵੀ ਯੁਵਰਾਜ (Yuvraj Singh) ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਅਸੀਂ ਅੱਗੇ ਦੀ ਕਾਨੂੰਨੀ ਕਾਰਵਾਈ ਕਰਾਂਗੇ।
ਦੱਸਣਯੋਗ ਹੈ ਕਿ ਇਹ ਮਾਮਲਾ ਹਾਈ ਕੋਰਟ ਵਲੋਂ ਦੇਖਿਆ ਜਾ ਰਿਹਾ ਹੈ ਜਿਸ ਦੀ ਅਗਲੀ ਸੁਣਵਾਈ 18 ਨਵੰਬਰ ਨੂੰ ਹੋਵੇਗੀ।