ਸਿਰਫ਼ 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ-ਹੁਣ ਫਿਲਮੀ ਅੰਦਾਜ਼ ਚ’ ਇਸ ਜੋੜੇ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ ਵਿਚ ਸ਼ੱਕੀ ਹਾਲਾਤ ਵਿਚ ਇਕ ਨਵਵਿਆਹੇ ਜੋੜੇ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਕੁਲਦੀਪ ਸਿੰਘ ਉਰਫ਼ ਸੰਨੀ ਦੇ ਨਾਨਾ ਨੇ ਦੱਸਿਆ ਕਿ ਮੁੰਡੇ ਦੀ ਉਮਰ ਇੱਕੀ ਸਾਲ ਸੀ, ਉਨ੍ਹਾਂ ਕਿਹਾ ਕਿ ਲੜਕੇ ਦੇ ਮਾਤਾ-ਪਿਤਾ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਖਰਚਾ ਚਲਾਉਂਦੇ ਹਨ ਅਤੇ ਮੁੰਡਾ ਵੀ ਪੱਲੇਦਾਰੀ ਦਾ ਕੰਮ ਕਰਦਾ ਸੀ।

ਪੰਜ ਕੁ ਮਹੀਨੇ ਪਹਿਲਾਂ ਉਸ ਦਾ ਵਿਆਹ ਗੁਰੂ ਕੀ ਵਡਾਲੀ ਵਿਚ ਰਹਿਣ ਵਾਲੀ ਲੜਕੀ ਰੇਨੂ ਨਾਲ ਹੋਇਆ ਸੀ ਅਤੇ ਦੋਵੇਂ ਆਪਣਾ ਜੀਵਨ ਸਹੀ ਤਰੀਕੇ ਨਾਲ ਬਿਤਾ ਰਹੇ ਸਨ। ਅੱਜ ਸਵੇਰੇ ਉਸ ਸਮੇਂ ਪਰਿਵਾਰ ’ਤੇ ਕਹਿਰ ਵਰ ਗਿਆ ਜਦੋਂ ਪਤਾ ਲੱਗਾ ਦੋਵਾਂ ਜੀਆਂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।

ਜਾਣਕਾਰੀ ਮੁਤਾਬਕ ਸੰਨੀ ਦੇ ਨਾਨਾ ਨੇ ਦੱਸਿਆ ਕਿ ਲੜਕੇ ਦੇ ਮਾਂ ਬਾਪ ਲੜਕੇ ਨੂੰ ਫੋਨ ਕਰ ਰਹੇ ਸਨ ਜਦੋਂ ਲੜਕੇ ਨੇ ਫੋਨ ਨਹੀਂ ਚੁੱਕਿਆ ਤਾਂ ਉਨ੍ਹਾਂ ਨੇ ਗੁਆਂਢੀਆਂ ਨੂੰ ਫੋਨ ਕਰਕੇ ਘਰ ਜਾਣ ਲਈ ਕਿਹਾ ਜਦੋਂ ਗੁਆਂਢੀਆਂ ਵੱਲੋਂ ਦਰਵਾਜ਼ਾ ਖੜਕਾਇਆ ਗਿਆ ਤਾਂ ਕੋਈ ਜਵਾਬ ਨਾ ਮਿਲਿਆ।

ਇਸ ਦੌਰਾਨ ਜਦੋਂ ਦਰਵਾਜ਼ਾ ਤੋੜ ਕੇ ਗੁਆਂਢੀ ਅੰਦਰ ਦਾਖ਼ਲ ਹੋਏ ਤਾਂ ਉਨ੍ਹਾਂ ਨੇ ਕੁੜੀ ਦੀ ਲਟਕਦੀ ਹੋਈ ਲਾਸ਼ ਵੇਖੀ ਅਤੇ ਨਾਲ ਹੀ ਸਨੀ ਦੀ ਲਾਸ਼ ਜ਼ਮੀਨ ’ਤੇ ਪਈ ਹੋਈ ਸੀ। ਲੜਕੇ ਦੇ ਨਾਨਾ ਨੇ ਦੱਸਿਆ ਕਿ ਇੰਝ ਜਾਪਦਾ ਹੈ ਜਿਵੇਂ ਪਹਿਲਾਂ ਲੜਕੇ ਨੇ ਫਾਹਾ ਲਿਆ ਅਤੇ ਉਸ ਤੋਂ ਬਾਅਦ ਲੜਕੀ ਨੇ ਵੀ ਫਾਹਾ ਲੈ ਲਿਆ। ਪਹਿਲਾਂ ਲੜਕੇ ਦੀ ਲਾਸ਼ ਨੂੰ ਉਸ ਨੇ ਥੱਲੇ ਲਾਇਆ ਅਤੇ ਬਾਅਦ ’ਚ ਲੜਕੀ ਰੇਨੂ ਨੇ ਵੀ ਫਾਹਾ ਲੈ ਲਿਆ।

ਇਸ ਮੌਕੇ ਗੁਰੂ ਕੀ ਵਡਾਲੀ ਚੌਕੀ ਤੋਂ ਪਹੁੰਚੀ ਪੁਲਸ ਵਲੋਂ 174 ਦੀ ਕਾਰਵਾਈ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਸੌਂਪ ਦਿੱਤੀਆਂ ਜਾਣਗੀਆਂ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨਵ-ਵਿਆਹੇ ਜੋੜੇ ਨੇ ਖ਼ੁਦਕੁਸ਼ੀ ਕੀਤੀ ਹੈ ਅਤੇ ਖ਼ੁਦਕੁਸ਼ੀ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵਲੋਂ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।