ਸਿਰੋਪਾਉ ਦੇਣ ਲਈ SGPC ਨੇ 5 ਸਾਲਾਂ ‘ਚ ਖ਼੍ਰੀਦਿਆ 18 ਕਰੋੜ 7 ਲੱਖ ਰੁਪਏ ਤੋਂ ਵੱਧ ਦਾ ਕੱਪੜਾ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਪਿਛਲੇ ਪੰਜ ਸਾਲਾਂ ਦੇ ਅਰਸੇ ਦੌਰਾਨ ਗੁਰੂ ਘਰਾਂ ਦੇ ਦਰਸ਼ਨ-ਦੀਦਾਰੇ ਕਰਨ ਲਈ ਆਉਣ ਵਾਲੇ ਪਤਵੰਤੇ ਸੱਜਣਾਂ ਅਤੇ ਹੋਰਨਾਂ ਲੋਕਾਂ ਨੂੰ ਮਾਣ-ਸਤਿਕਾਰ ਵਜੋਂ ਸਿਰੋਪਾਉ ਭੇਂਟ ਕਰਨ ਲਈ 18 ਕਰੋੜ 7 ਲੱਖ ਰੁਪਏ ਤੋਂ ਵੱਧ ਦਾ ਕਪੜਾ ਖ਼ਰੀਦ ਕੇ ਤਕਰੀਬਨ 36 ਲੱਖ 15 ਹਜ਼ਾਰ ਦੇ ਕਰੀਬ ਸਿਰੋਪਾਉ ਦਿਤੇ ਗਏ ਹਨ।

ਸੱਭ ਤੋਂ ਵੱਧ ਸਿਰੋਪਾਉ ਦੇ ਕਪੜੇ ਦੀ ਵਰਤੋਂ ਸਾਲ 2015-16 ’ਚ ਕੀਤੀ ਗਈ ਹੈ ਕਿਉਕਿ ਹੋਰਨਾਂ ਸਾਲਾਂ ਦੇ ਮੁਕਾਬਲੇ ਇਸ ਸਾਲ 6 ਕਰੋੜ 7 ਲੱਖ 26 ਹਜ਼ਾਰ 870 ਰੁਪਏ ਦਾ ਕਪੜਾ ਖ਼ਰੀਦਿਆ ਗਿਆ ਅਤੇ ਪ੍ਰਤੀ ਸਿਰੋਪਾ ਅੰਦਾਜ਼ਨ 50 ਰੁਪਏ ਦੇ ਹਿਸਾਬ ਨਾਲ ਇਸ ਸਾਲ ਵਿਚ 12 ਲੱਖ 14 ਹਜ਼ਾਰ 537 ਸਿਰੋਪਾਉ ਬਣਦੇ ਹਨ। ਗੁਰੂ ਘਰਾਂ ’ਚ ਆਉਣ ਵਾਲੇ ਪਤਵੰਤੇ ਸੱਜਣਾਂ ਨੂੰ ਪ੍ਰਤੀ ਮਹੀਨੇ ਇਕ ਲੱਖ ਸਿਰੋਪਾਉ ਦੇਣੇ ਬਹੁਤ ਵੱਡੀ ਗਿਣਤੀ ਹੈ। ਜਦੋਂ ਕਿ ਸ਼੍ਰੋੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਉ ਦਾ ਕਪੜਾ ਨਿਜੀ ਕੰਪਨੀਆਂ ਕੋਲੋਂ ਟੈਂਡਰ ਦੇ ਕੇ ਖ਼ਰੀਦਿਆ ਜਾਂਦਾ ਹੈ। ਜਿਹੜਾ ਹੋਰ ਵੀ ਸਸਤਾ ਪੈਂਦਾ ਹੋਵੇਗਾ। ਪਰ ਬੁੱਧੀਜੀਵੀ ਵਰਗ ਵਲੋਂ ਸਿਰੋਪਾਉ ਦੀ ਵੰਡ ਅਤੇ ਗਿਣਤੀ ਨੂੰ ਕਿਸੇ ਰਾਜਨੀਤਕ ਪਾਰਟੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।

ਆਰ.ਟੀ.ਆਈ ਮਾਹਰ ਬ੍ਰਿਸ਼ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਕੋਲੋਂ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਸਾਲ 2015 ਤੋਂ ਲੈ ਕੇ ਸਾਲ 2020 ਤਕ ਖ਼ਰੀਦ ਕੀਤੇ ਗਏ ਸਿਰੋਪਾਉ ਦੇ ਕਪੜੇ ਦੀ ਕੁਲ ਕੀਮਤ ਸਬੰਧੀ ਪ੍ਰਤੀ ਸਾਲ ਦੇ ਹਿਸਾਬ ਨਾਲ ਸੂਚਨਾ ਅਧਿਕਾਰ ਐਕਟ 2005 ਤਹਿਤ ਪੁੱਛਿਆ ਗਿਆ ਸੀ ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਲੋਕ ਸੂਚਨਾ ਅਧਿਕਾਰੀ ਵਲੋਂ ਰਿਕਾਰਡ ਮੁਹਈਆ ਨਹੀਂ ਕਰਵਾਇਆ ਗਿਆ ਜਿਸ ਕਰ ਕੇ ਸੂਚਨਾ ਐਕਟ ਮੁਤਾਬਕ ਮਾਮਲਾ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਜਾਣ ਤੋਂ ਬਾਅਦ ਕਮੇਟੀ ਵਲੋਂ ਸਿਰੋਪਾਉ ਦੇਣ ਲਈ ਖ਼ਰੀਦ ਕੀਤੇ ਗਏ ਕਪੜੇ ਸਬੰਧੀ ਦਿਤੇ ਗਏ ਰਿਕਾਰਡ ਵਿਚ ਦੱਸਿਆ ਗਿਆ ਹੈ ਕਿ ਪੰਜ ਸਾਲਾਂ ਦੇ ਅਰਸੇ ਦੌਰਾਨ 18 ਕਰੋੜ 7 ਲੱਖ 89 ਹਜ਼ਾਰ 649 ਰੁਪਏ ਦਾ ਕਪੜਾ ਖ਼ਰੀਦਿਆ ਗਿਆ ਜਿਸ ਦੌਰਾਨ ਸੱਭ ਤੋਂ ਵੱਧ ਸਾਲ 2015-16 ’ਚ 6 ਕਰੋੜ 7 ਲੱਖ 26 ਹਜ਼ਾਰ 870, (60726870) ਰੁਪਏ ਮੁਲ ਦਾ ਕਪੜਾ ਖ਼ਰੀਦ ਕੀਤਾ ਗਿਆ ਸੀ।

ਸਾਲ 2016-17 ’ਚ 2 ਕਰੋੜ 23 ਲੱਖ 86 ਹਜ਼ਾਰ 586, (22386586) ਰੁਪਏ, ਸਾਲ 2017-18 ਵਿਚ 3 ਕਰੋੜ 74 ਲੱਖ 28 ਹਜ਼ਾਰ 243, (37428243) ਰੁਪਏ,ਸਾਲ 2018-19 ਅੰਦਰ 3 ਕਰੋੜ 12 ਲੱਖ 42 ਹਜ਼ਾਰ (31200042) ਰੁਪਏ,ਸਾਲ 2019-20 ’ਚ 2 ਕਰੋੜ 90 ਲੱਖ 47 ਹਜ਼ਾਰ 908, (29047908) ਰੁਪਏ ਦਾ ਸਿਰੋਪਾਉ ਦੇਣ ਲਈ ਕਪੜਾ ਖ਼ਰੀਦਿਆ ਗਿਆ। ਬ੍ਰਿਸ਼ ਭਾਨ ਬੁਜਰਕ ਨੇ ਕਿਹਾ ਕਿ ਸਾਲ 2015-16 ’ਚ ਸਿਰੋਪਾਉ ਦੇਣ ਲਈ ਖ਼ਰੀਦੇ ਗਏ ਕਪੜੇ ਦੀ ਕੁਲ ਕੀਮਤ ਦੇ ਹਿਸਾਬ ਨਾਲ ਪ੍ਰਤੀ ਸਿਰੋਪਾਉ 50 ਰੁਪਏ ਕੀਮਤ ਲਗਾ ਕੇ ਸਿਰੋਪਾਉ ਦੀ ਗਿਣਤੀ 12 ਲੱਖ 14 ਹਜ਼ਾਰ 537 ਬਣਦੀ ਹੈ। ਮਤਲਬ ਕਿ ਹਰ ਮਹੀਨੇ ਇਕ ਲੱਖ ਤੋਂ ਵੱਧ ਸਿਰੋਪਾਉ ਸੰਗਤ ਨੂੰ ਦਿਤੇ ਗਏ।

ਇਸੇ ਤਰ੍ਹਾਂ ਹੀ ਸਾਲ 2016-17 ’ਚ 4 ਲੱਖ 47 ਹਜ਼ਾਰ 731 ਸਿਰੋਪਾਉ , ਸਾਲ 2017-18 ’ਚ 7 ਲੱਖ 48 ਹਜ਼ਾਰ 564 ਸਿਰੋਪਾਉ ਹਰ ਮਹੀਨੇ 70 ਹਜ਼ਾਰ ਤੋਂ ਵੱਧ ਸਿਰੋਪਾਉ ਦਿਤੇ ਗਏ। ਸਾਲ 2018-19 ’ਚ 6 ਲੱਖ 24 ਹਜ਼ਾਰ ਸਿਰੋਪਾਉ ਅਤੇ ਸਾਲ 2019-20 ਅੰਦਰ 5 ਲੱਖ 80 ਹਜ਼ਾਰ 958 ਸਿਰੋਪਾਉ ਦਿਤੇ ਗਏ। ਜਿਨ੍ਹਾਂ ਦੀ ਕੁਲ ਗਿਣਤੀ 36 ਲੱਖ 15 ਹਜ਼ਾਰ 790 ਬਣਦੀ ਹੈ। ਹਰ ਮਹੀਨੇ ਇਕ ਲੱਖ ਤੋਂ ਲੈ ਕੇ 72 ਹਜ਼ਾਰ ਤਕ ਦੇ ਸਿਰੋਪੋ ਵੰਡਣ ਨੂੰ ਦੁਰਵਰਤੋਂ ਹੀ ਮੰਨਿਆ ਜਾ ਸਕਦਾ ਹੈ। ਪਰ ਸਾਲ 2015-16 ’ਚ ਆਮ ਸਾਲਾਂ ਨਾਲੋਂ ਦੁਗਣੇ-ਤਿੱਗਣੇ ਸਿਰੋਪਾਉ ਦੇਣੇ ਅਤੇ 6 ਕਰੋੜ ਤੋਂ ਵੱਧ ਦਾ ਕਪੜਾ ਖ਼ਰੀਦਣਾ ਬਹੁਤ ਵੱਡੀ ਰਕਮ ਹੈ। ਗੁਰੂ ਘਰਾਂ ਅੰਦਰ ਕੀਤੀ ਜਾ ਰਹੀ ਸਿਰੋਪਾ ਸਾਹਿਬ ਦੀ ਦੁਰਵਰਤੋਂ ਨੂੰ ਰੋਕਿਆ ਜਾਵੇ ਅਤੇ ਇਸ ਮਾਮਲੇ ਦੀ ਉਚ ਪਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।