ਸਿੱਖ ਨੌਜਵਾਨ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ

ਹਿਮਾਚਲ, ਇਨਾਇਤਪੁਰਾ, ਚੰਡੀਗੜ੍ਹ ….. ਸਾਰੀ ਖੇਡ ਸਿੱਖ ਨੂੰ ਭਾਰਤੀ ਬਣਾਉਣ ਦੀ ਹੈ। ਕੁਦਰਤੀ ਦੌਲਤ ਅਤੇ ਵੱਖਰੀ ਪਛਾਣ ‘ਤੇ ਕਬਜ਼ੇ ਦੀ ਹੈ।

ਸਿੱਖ ਦੇ ਗਲ਼ ਸਿੱਖਿਆ, ਮੀਡੀਆ, ਸਰਕਾਰ ਅਤੇ ਬਦਮਾਸ਼ੀ ਸਿਰ ‘ਤੇ “ਪਹਿਲਾਂ ਭਾਰਤੀ” ਹੋਣ ਵਾਲਾ ਪਟਾ ਪਾਇਆ ਜਾ ਰਿਹਾ। ਨੌਕਰੀਆਂ, ਪੈਨਸ਼ਨਾਂ, ਭੱਤਿਆਂ, ਅਹੁਦਿਆਂ ਦੇ ਲਾਲਚ, ਸਰਕਾਰੀ ਚਾਲਾਂ, ਜ਼ੁਲਮ ਸਭ ਕੁਝ ਲੋੜ ਮੁਤਾਬਕ ਵਰਤਿਆ ਜਾ ਰਿਹਾ। 1947 ‘ਚ ਸਾਡੇ ਲੀਡਰ ਵੱਖਰੇ ਨਿੱਘ ਦੀ ਆਸ ਵਿੱਚ ਇਨ੍ਹਾਂ ਦੇ ਭਾਈਵਾਲ ਬਣ ਗਏ ਸਨ, ਸ਼ਾਇਦ ਉਨ੍ਹਾਂ ਨੂੰ ਵੀ ਆਸ ਨਹੀਂ ਸੀ ਕਿ ਭਾਈਵਾਲ਼ ਤਾਂ ਜਜ਼ਬ ਕਰਨ ‘ਤੇ ਉਤਾਰੂ ਹੋ ਜਾਣਗੇ। ਵੱਡੀ ਤਾਕਤ ਮੂਹਰੇ ਛੋਟੀ ਤਾਕਤ ਅੜੀ ਤਾਂ ਰਹਿੰਦੀ ਪਰ ਬਚਣਾ ਬਹੁਤ ਮੁਸ਼ਕਿਲ ਹੁੰਦਾ।

ਸੌਖਾ ਸਮਝਣਾ ਹੋਵੇ ਤਾਂ ਇਸਨੂੰ ਜਜ਼ਬ ਕਰਨਾ ਕਹਿੰਦੇ ਹਨ। ਟੀਵੀ ਰਾਹੀਂ ਵੱਡੀ ਘੁਸਪੈਠ ਹੋਈ ਹੈ, ਜਿਸ ਗੁਰੂ ਨਾਨਕ ਪਾਤਸ਼ਾਹ ਨੇ ਮੂਰਤੀ ਪੂਜਾ ਤੋਂ ਵਰਜਿਆ ਸੀ, ਉਸਦੇ ਸਿੱਖ ਕਹਾਉਣ ਵਾਲਿਆਂ ਦੇ ਘਰਾਂ-ਗੱਡੀਆਂ ‘ਚ ਦੇਵੀ-ਦੇਵਤਿਆਂ ਦੇ ਨਾਲ ਗੁਰੂ ਨਾਨਕ ਦੀ ਮੂਰਤੀ ਵੀ ਕਈ ਥਾਂ ਰੱਖੀ ਦਿਸਣ ਲੱਗੀ ਹੈ। ਬਹੁਗਿਣਤੀ ‘ਚ ਰਹਿਣ ਵਾਲੀ ਘੱਟਗਿਣਤੀ ਦੇ ਆਪਸੀ ਵਿਆਹ ਹੋਣ ਲੱਗਦੇ ਹਨ, ਪਹਿਲਾਂ ਅੱਧਾ ਧਰਮ ਜਾਂਦਾ ਹੈ ਤੇ ਅਗਲੀ ਪੀੜ੍ਹੀ ਦਾ ਪੂਰਾ ਹੀ। ਲੀਡਰ ਮਜਬੂਰ ਹੋ ਗਏ, ਵੋਟਾਂ ਕਾਰਨ, ਸਿੱਖ ਨੂੰ ਮੂਰਤੀ ਪੂਜਾ ਤੇ ਕਬਰ ਪੂਜਾ ਵਰਜਿਤ ਹੈ ਪਰ ਵੋਟਾਂ ਲਈ ਮੰਦਰ ਜਾਣਾ ਪੈਣਾ ਤੇ ਮਸਜਿਦ ਵੀ। ਨਿਰਭਰ ਹੀ ਦੂਜੇ ‘ਤੇ ਹੋ ਗਏ।

ਉਨ੍ਹਾਂ ਨੂੰ ਪਤਾ ਕਿ ਸਿੱਖ ਸਿੱਧੇ ਹਿੰਦੂ ਨੀ ਬਣਾਏ ਜਾ ਸਕਣਗੇ। ਇਸੇ ਲਈ ਪਹਿਲਾਂ ਇਨ੍ਹਾਂ ਨੂੰ ਨਿਰੰਕਾਰੀ, ਨੂਰਮਹਿਲੀਏ, ਦਰਸ਼ਨਦਾਸੀਏ, ਰਾਧਾ ਸਵਾਮੀ, ਪ੍ਰੇਮੀ ਤੇ ਈਸਾਈ ਬਣਾਉਣ ‘ਤੇ ਜ਼ੋਰ ਲੱਗਾ ਹੈ, 10-12 ਸਾਲ ਬਾਅਦ ਜਦੋਂ ਮੂਲ ਨਾਲ਼ੋਂ ਬਿਲਕੁਲ ਟੁੱਟ ਜਾਣਗੇ ਤਾਂ ਪਰਿਵਰਤਨ ਕਰਨਾ ਸੌਖਾ ਹੋ ਜਾਣਾ। ਕੋਈ ਇਤਰਾਜ਼ ਵੀ ਨਹੀਂ ਕਰ ਸਕੇਗਾ ਕਿ ਸਿੱਖ ਤੋਂ ਹਿੰਦੂ ਬਣਾਏ ਜਾ ਰਹੇ। ਜਿਵੇਂ ਜੈਨ ਤੇ ਪਾਰਸੀ, ਕਹਿਣਗੇ ਅਸੀਂ ਜੈਨ ਹਾਂ ਜਾਂ ਪਾਰਸੀ ਹਾਂ ਪਰ ਰਵਾਇਤਾਂ ਹਿੰਦੂ ਧਰਮ ਵਾਲੀਆਂ ਅਪਣਾਉਂਦੇ ਹਨ, ਇਸੇ ਤਰਾਂ ਸਿੱਖ ਕਰ ਰਹੇ ਹਨ ਤੇ ਅਗਾਂਹ ਹੋਰ ਵੱਧ ਕਰਨਗੇ। ਲੋਕਾਂ ਨੂੰ ਉਹ ਸਿਰਫ ਸ਼ਕਲੋਂ ਸਿੱਖ ਲੱਗਿਆ ਕਰਨਗੇ ਤੇ ਅਸਲੀ ਗੁਰੂ ਦਾ ਸਿੱਖ, ਸਾਬਤ ਸੂਰਤ ਸਿੱਖ, ਅੱਤਵਾਦੀ ਲੱਗਿਆ ਕਰੇਗਾ।

ਪੰਜਾਬੀ ਬੋਲੀ ‘ਤੇ ਹਮਲੇ ਜਾਰੀ ਹਨ। ਗੁਰਮੁਖੀ ਦੀ ਥਾਂ ਹਿੰਦੀ ਪ੍ਰਚਾਰੀ ਜਾ ਰਹੀ। ਜਿਹੜੇ ਪਾਪ-ਸਰਾਪ ਤੋਂ ਡਰਾਏ ਹੋਏ ਪਹਿਲਾਂ ਹੀ ਗੁਰੂ ਵਲੋੰ ਦਿੱਤੀ ਬਾਣੀ ਨੀ ਪੜ੍ਹ ਰਹੇ, ਉਹ ਗੁਰਮੁਖੀ ਨਾ ਜਾਨਣ ਕਰਕੇ ਬਿਲਕੁਲ ਹੀ ਪੜ੍ਹਨ, ਸਹੀ ਅਰਥ ਜਾਨਣ ਤੇ ਅਮਲ ਕਰਨ ਤੋਂ ਵਿਰਵੇ ਹੋ ਜਾਣਗੇ।

ਇਹ ਹੋਣਾ ਹੀ ਸੀ। ਕੌਮ ਨੇ ਇਸ ਹਮਲੇ ਵਿਰੁੱਧ 1978 ਤੋਂ 1994 ਤੱਕ ਲਹੂ ਡੋਲ੍ਹਵੀਂ ਜੰਗ ਲੜੀ, ਜਿਸ ਵਿੱਚ ਸਾਡੀ ਹਾਰ ਹੋਈ। ਜਿੱਤੀ ਹੋਈ ਧਿਰ ਉਹੀ ਕੁਝ ਕਰਦੀ, ਜੋ ਭਾਰਤੀ ਹਾਕਮ ਅੱਜ ਕਰ ਰਹੇ ਹਨ।
ਪੁਰਾਤਨ ਇਤਿਹਾਸ ਪੜ੍ਹ ਲਵੋ, ਹਾਰਿਆਂ ਨਾਲ ਇਹੀ ਕੁਝ ਹੁੰਦਾ। ਹਾਰਿਆਂ ਦੇ ਜੁਝਾਰੂ ਮਾਰ ਦਿੱਤੇ ਜਾਂਦੇ ਹਨ, ਜੇਲ੍ਹਾਂ ‘ਚ ਸੁੱਟ ਦਿੱਤੇ ਜਾਂਦੇ ਹਨ। ਕੁਝ ਡਰ ਕੇ ਜਾਂ ਮੁੜ ਤਕੜਾ ਹੋ ਕੇ ਵਾਪਸੀ ਕਰਨ ਦੇ ਇਰਾਦੇ ਨਾਲ ਮੈਦਾਨ ਛੱਡ ਜਾਂਦੇ ਹਨ, ਜਿਹੜੇ ਉੱਥੇ ਬਚ ਜਾਂਦੇ ਹਨ, ਉਨ੍ਹਾਂ ‘ਚੋਂ ਬਹੁਤੇ ਜਿੱਤਿਆਂ ਨਾਲ ਰਲ ਦਰਬਾਰੀ ਬਣ ਜਾਂਦੇ ਅਤੇ ਬਾਕੀ ਬਚੇ ਹੌਲੀ ਹੌਲੀ ਜਜ਼ਬ ਹੋਣ ਲਈ ਸਿਰ ਸੁੱਟ ਲੈੰਦੇ ਹਨ ਕਿ ਜੇ ਤਾਂ ਸਾਡੇ ਤਕੜੇ ਹੋ ਕੇ ਮੁੜ ਆਏ ਤਾਂ ਨਾਲ ਖੜ੍ਹ ਜਾਵਾਂਗੇ ਵਰਨਾ ਜੋ ਹੁੰਦਾ ਹੋਣ ਦਿਓ।

ਜਦੋਂ ਤੱਕ ਕੌਮ ਕੋਈ ਲੀਡਰ ਨਾ ਪੈਦਾ ਕਰ ਸਕੇ, ਉਦੋਂ ਤੱਕ ਇਸ ਮਾਰੂ ਹੱਲੇ ਤੋਂ ਬਚਣ ਲਈ ਕੌਮ ਨੇ ਖ਼ੁਦ ਲੜਨਾ ਹੁੰਦਾ, ਲੀਡਰ ਤੋਂ ਬਿਨਾ। ਲੀਡਰ ਨਾ ਉਡੀਕੋ, ਆਪਸੀ ਏਕਤਾ ਨਾਲ ਜਿੰਨਾ ਵੀ ਇਸ ਕੌਮੀਂ ਹੋਂਦ ਨੂੰ ਖਤਮ ਕਰਨ ਦੇ ਹਮਲੇ ਵਿਰੁੱਧ ਲੜਿਆ ਜਾਂਦਾ, ਏਕਤਾ ਬਣਾ ਕੇ ਲੜੀਏ। ਗੁਰਬਾਣੀ ਤੋਂ, ਪੁਰਾਤਨ ਸਿੱਖ ਇਤਿਹਾਸ ਤੋਂ ਸਿੱਖੀਏ।

ਵੱਡੀ ਗੱਲ ਕਿ ਸਰੋਵਰ ਵਿਚਲੀਆਂ ਮੱਛੀਆਂ ਵਾਂਗ ਸਵੇਰੇ ਆਟੇ ਦੀਆਂ ਗੋਲੀਆਂ ਦੀ ਝਾਕ ਛੱਡ ਕੇ, ਮਤਲਬ ਕਿ ਸਵੇਰੇ ਹੀ ਸੋਸ਼ਲ ਮੀਡੀਏ ‘ਤੇ ਕਿਸੇ ਮਸਲੇ ਦੀ ਝਾਕਾ ਛੱਡ ਕੇ ਅਸਲ ਲੜਾਈ ‘ਚ ਨਿੱਤਰੀਏ। ਜੋ ਆਪਣਾ ਆਪ ਪਛਾਣ ਕੇ ਹੋਂਦ ਬਚਾਉਣ ਦੀ ਲੜਾਈ ਹੈ।

ਹਰ ਰੋਜ਼ ਕਿਸੇ ਨਾ ਕਿਸੇ ਆਪਣੇ ਦੁਆਲੇ ਹੋਣ ਦਾ ਭੁਸ ਅੰਦਰਲੀ ਭੜਾਸ ਕਢਵਾ ਸਕਦਾ ਪਰ ਉਸਾਰੂ ਕੁਝ ਨੀ ਕਰਵਾ ਸਕਦਾ। ਇਸ ਨਾਲ ਵੰਡੀਆਂ ਵਧਦੀਆਂ ਹਨ। ਕੋਈ ਜਿੰਨਾ ਕੁ ਨਾਲ ਤੁਰਦਾ, ਤੋਰ ਲਵੋ, ਉਸਨੂੰ ਭਜਾਓ ਨਾ। ਜਦੋਂ ਵਾਹਿਗੁਰੂ ਨੇ ਸੋਝੀ ਬਖ਼ਸ਼ੀ, ਉਸਨੇ ਸਿੱਧਾ ਹੋ ਕੇ ਨਾਲ ਤੁਰ ਪੈਣਾ। ਬਿਮਾਰੀ ਨਾਲ ਲੜੀਏ, ਬਿਮਾਰੀ ਦੀਆਂ ਅਲਾਮਤਾਂ ਨਾਲ ਨਹੀਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਵਿਸ਼ੇਸ਼ ਨੋਟ – ਵੀਡੀਉ/ਪੋਸਟ/ਲੇਖ ਵਿਚ ਦਿੱਤੇ ਗਏ ਵਿਚਾਰ ਵਿਅਕਤੀ ਵਿਸ਼ੇਸ਼, ਬਲਾਗਰ, ਰਾਜਨੀਤਿਕ, ਧਾਰਮਿਕ, ਸਭਿਆਚਾਰਕ, ਲੇਖਕ, ਪੱਤਰਕਾਰ ਜਾਂ ਸੋਸ਼ਲ ਮੀਡੀਆ ਹਸਤੀਆਂ ਦੇ ਆਪਣੇ ਨਿੱਜੀ ਵਿਚਾਰ ਅਤੇ ਬਿਆਨ ਹਨ ਅਤੇ ਪੰਜਾਬ ਸਪੈੱਕਟ੍ਰਮ ਦਾ ਸਾਰੀਆਂ ਹਸਤੀਆਂ ਦੇ ਨਿੱਜੀ ਵਿਚਾਰਾਂ ਜਾਂ ਬਿਆਨਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ।