ਲਿਵ-ਇਨ ’ਚ ਰਹਿਣ ਵਾਲੇ ਪੁਲਸ ਮੁਲਾਜ਼ਮ ਨੇ ਏ. ਕੇ. 47 ਨਾਲ ਜਨਾਨੀ ਦੇ ਸਿਰ ’ਚ ਮਾਰੀ ਗੋਲੀ, ਮੰਜ਼ਰ ਦੇਖ ਕੰਬੇ ਲੋਕ

ਹੈਬੋਵਾਲ ਦੇ ਦੁਰਗਾਪੁਰੀ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਪੁਲਸ ਕਾਂਸਟੇਬਲ ਨੇ ਆਪਣੀ ਸਰਕਾਰੀ ਏ. ਕੇ.-47 ਨਾਲ ਇਕ ਜਨਾਨੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਔਰਤ ਦੇ ਕਤਲ ਤੋਂ ਬਾਅਦ ਕਾਂਸਟੇਬਲ ਨੇ ਖੁਦ ਨੂੰ ਵੀ 2 ਗੋਲੀਆਂ ਮਾਰ ਲਈਆਂ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਫਾਇਰਿੰਗ ਦੀ ਆਵਾਜ਼ ਸੁਣ ਕੇ ਮਕਾਨ ਮਾਲਿਕ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਅੰਦਰ ਔਰਤ ਅਤੇ ਕਾਂਸਟੇਬਲ ਨੂੰ ਖੂਨ ਨਾਲ ਲਿਬੜਿਆ ਵੇਖ ਕੇ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਸ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਜ਼ਖਮੀ ਕਾਂਸਟੇਬਲ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਵਿਚ ਭਰਤੀ ਕਰਵਾ ਦਿੱਤਾ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਚਨਾ ਤੋਂ ਬਾਅਦ ਡੀ. ਸੀ. ਪੀ. (ਲਾਅ ਐਂਡ ਆਰਡਰ) ਸਿਮਰਤਜੀਤ ਸਿੰਘ ਢੀਂਡਸਾ, ਏ. ਡੀ. ਸੀ. ਪੀ. (3) ਅਸ਼ਵਨੀ ਗੋਟਿਆਲ ਅਤੇ ਥਾਣਾ ਹੈਬੋਵਾਲ ਦੇ ਨਾਲ ਫੋਰੈਂਸਿਕ ਟੀਮ ਮੌਕੇ ਉੱਤੇ ਪਹੁੰਚ ਗਈ। ਪੁਲਸ ਨੂੰ ਪਤਾ ਚੱਲਿਆ ਹੈ ਕਿ ਦੋਵੇਂ ਕਾਫੀ ਸਮੇਂ ਤੋਂ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿ ਰਹੇ ਸਨ, ਜਦੋਂਕਿ ਔਰਤ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਮ੍ਰਿਤਕ ਔਰਤ ਨਿਧੀ (31) ਹੈ, ਜਦੋਂਕਿ ਜ਼ਖਮੀ ਕਾਂਸਟੇਬਲ ਸਿਮਰਨਜੀਤ ਸਿੰਘ ਪੁਲਸ ਲਾਈਨ ਵਿਚ ਤਾਇਨਾਤ ਹੈ।

ਪੁਲਸ ਨੇ ਔਰਤ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ ਹੈ। ਜਾਣਕਾਰੀ ਅਨੁਸਾਰ ਨਿਧੀ ਗੁੜਗਾਂਵ ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ ਜਨਤਾ ਨਗਰ ਦੇ ਅਮਨ ਨਾਲ ਹੋਇਆ ਸੀ। ਨਿਧੀ ਦੇ ਪੁੱਤਰ ਅਤੇ ਇਕ ਧੀ ਹੈ। ਨਿਧੀ ਦਾ ਪਤੀ ਕਰੀਬ 3 ਸਾਲ ਪਹਿਲਾਂ ਸਾਊਥ ਅਫਰੀਕਾ ਗਿਆ ਸੀ, ਜਿੱਥੇ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ, ਨਿਧੀ ਪਿਛਲੇ ਡੇਢ ਸਾਲ ਤੋਂ ਹੈਬੋਵਾਲ ਦੇ ਦੁਰਗਾਪੁਰੀ ਇਲਾਕੇ ਵਿਚ ਕਾਂਸਟੇਬਲ ਸਿਮਰਨਜੀਤ ਸਿੰਘ ਦੇ ਨਾਲ ਪਤਨੀ ਬਣ ਕੇ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ। ਪਤਾ ਚਲਿਆ ਹੈ ਕਿ ਸਿਮਰਨ ਸ਼ਰਾਬ ਪੀਣ ਦਾ ਆਦੀ ਹੈ ਜੋਕਿ ਸ਼ਨੀਵਾਰ ਕਰੀਬ ਸਾਢੇ 7 ਵਜੇ ਸ਼ਰਾਬ ਦੇ ਨਸ਼ੇ ਵਿਚ ਘਰ ਆਇਆ ਸੀ। ਨਿਧੀ ਦੀ ਛੋਟੀ ਧੀ ਕਮਰੇ ਦੇ ਅੰਦਰ ਸੀ, ਜਦੋਂਕਿ ਪੁੱਤਰ ਬਾਹਰ ਖੇਡ ਰਿਹਾ ਸੀ। ਸਿਮਰਨ ਅਤੇ ਨਿਧੀ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਬਹਿਸ ਹੋਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਸਿਮਰਨ ਨੇ ਆਪਣੀ ਸਰਕਾਰੀ ਏ . ਕੇ.-47 ਨਾਲ ਨਿਧੀ ਦੇ ਸਿਰ ਉੱਤੇ ਗੋਲੀ ਮਾਰ ਦਿੱਤੀ। ਨਿਧੀ ਉਥੇ ਹੀ ਡਿੱਗ ਗਈ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਸਿਮਰਨਜੀਤ ਨੇ ਆਪਣੇ ਢਿੱਡ ਅਤੇ ਲੱਕ ਕੋਲ ਗੋਲੀ ਮਾਰ ਲਈ। ਜਦੋਂ ਮਕਾਨ ਮਾਲਿਕ ਅਤੇ ਗੁਆਂਢੀ ਅੰਦਰ ਆਏ ਤਾਂ ਅੰਦਰ ਜ਼ਮੀਨ ਉੱਤੇ ਸਿਮਰਨ ਜ਼ਖਮੀ ਹਾਲਤ ਵਿਚ ਅਰਧਨਗਨ ਹਾਲਤ ਵਿਚ ਪਿਆ ਹੋਇਆ ਸੀ, ਜਦੋਂਕਿ ਕਮਰੇ ਵਿਚ ਨਿਧੀ ਦੀ ਖੂਨ ਨਾਲ ਲਿਬੜੀ ਲਾਸ਼ ਪਈ ਹੋਈ ਸੀ। ਸਿਮਰਨ ਹੋਸ਼ ਵਿਚ ਸੀ, ਲੋਕਾਂ ਨੇ ਉਸ ਨੂੰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਹੋਇਆ ਕੀ ਸੀ ਪਰ ਉਹ ਕੁੱਝ ਬੋਲ ਨਹੀਂ ਪਾ ਰਿਹਾ ਸੀ।

ਮਕਾਨ ਮਾਲਿਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਨਿਧੀ ਅਤੇ ਸਿਮਰਨ ਉਸ ਕੋਲ ਪਤੀ-ਪਤਨੀ ਬਣ ਕੇ ਆਏ ਸਨ। ਉਨ੍ਹਾਂ ਨੇ ਆਪਣੇ ਆਈ. ਡੀ. ਪਰੂਫ ਵੀ ਦਿੱਤੇ ਸਨ। ਉਸ ਨੂੰ ਅੱਜ ਪਤਾ ਚਲਿਆ ਹੈ ਕਿ ਦੋਵੇਂ ਪਤੀ-ਪਤਨੀ ਨਹੀਂ ਹਨ ਸਗੋਂ ਨਿਧੀ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਵਾਰਦਾਤ ਤੋਂ ਬਾਅਦ ਨਿਧੀ ਦੇ 11 ਸਾਲ ਦੇ ਬੇਟੇ ਨੇ ਹੀ ਦੱਸਿਆ ਕਿ ਸਿਮਰਨ ਉਸ ਦਾ ਪਿਤਾ ਨਹੀਂ ਹੈ। ਉਸ ਦੇ ਪਿਤਾ ਬਾਹਰ ਰਹਿੰਦੇ ਹਨ। ਸਿਮਰਨਜੀਤ ਉਸ ਦੇ ਘਰ ਉੱਤੇ ਹੀ ਰਹਿੰਦਾ ਸੀ ਅਤੇ ਮਾਂ ਨੂੰ ਮਾਰਦਾ-ਕੁੱਟਦਾ ਸੀ।

ਜਦੋਂ ਕਾਂਸਟੇਬਲ ਸਿਮਰਨਜੀਤ ਨੇ ਨਿਧੀ ਨੂੰ ਗੋਲੀ ਮਾਰੀ ਤਾਂ ਉਸ ਦੀ 4 ਸਾਲ ਦੀ ਧੀ ਉਸੇ ਕਮਰੇ ਵਿਚ ਸੀ। ਸਿਮਰਨ ਨੇ ਧੀ ਦੇ ਸਾਹਮਣੇ ਹੀ ਉਸ ਦੀ ਮਾਂ ਨੂੰ ਗੋਲੀ ਨਾਲ ਉੱਡਾ ਦਿੱਤਾ, ਜਦੋਂਕਿ ਗੋਲੀ ਦੀ ਆਵਾਜ਼ ਸੁਣ ਕੇ ਨਿਧੀ ਦਾ 11 ਸਾਲ ਦਾ ਪੁੱਤਰ ਵੀ ਅੰਦਰ ਆ ਗਿਆ ਸੀ। ਉਸ ਨੇ ਆਪਣੀ ਅੱਖਾਂ ਦੇ ਸਾਹਮਣੇ ਮਾਂ ਨੂੰ ਮਰਦੇ ਹੋਏ ਵੇਖਿਆ। 11 ਸਾਲ ਦਾ ਪੁੱਤਰ ਇੰਨਾ ਗੁੱਸੇ ਵਿਚ ਸੀ ਕਿ ਉਹ ਵਾਰ-ਵਾਰ ਬੋਲ ਰਿਹਾ ਸੀ ਕਿ ਉਹ ਸਿਮਰਨ ਚਾਚੂ ਨੂੰ ਮਾਰ ਦੇਵੇਗਾ ਕਿਉਂਕਿ ਉਸ ਨੇ ਮੇਰੀ ਮਾਂ ਨੂੰ ਮਾਰਿਆ ਹੈ।

ਇਸ ਸੰਬੰਧੀ ਏ. ਡੀ. ਸੀ. ਪੀ. (3) ਲੁਧਿਆਣਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਮੌਕੇ ਉੱਤੇ ਜਾ ਕੇ ਪਤਾ ਚਲਿਆ ਹੈ ਕਿ ਸਿਮਰਨਜੀਤ ਨੇ ਜਨਾਨੀ ਦੇ ਕਤਲ ਤੋਂ ਬਾਅਦ ਖੁਦ ਨੂੰ ਗੋਲੀ ਮਾਰੀ ਹੈ ਪਰ ਅਜੇ ਕੁੱਝ ਵੀ ਸਪੱਸ਼ਟ ਨਹੀਂ ਹੋਇਆ ਹੈ। ਜ਼ਖਮੀ ਮੁਲਾਜ਼ਮ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਸ ਦੇ ਹੋਸ਼ ਵਿਚ ਆਉਣ ਤੋਂ ਬਾਅਦ ਹੀ ਸਭ ਕੁੱਝ ਪਤਾ ਚੱਲ ਸਕੇਗਾ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।