ਸ੍ਰੀ ਦਰਬਾਰ ਸਾਹਿਬ ‘ਚ ਮੁੜ ਬੇਅਦਬੀ ਦੀ ਕੋਸ਼ਿਸ਼, ਸੇਵਾਦਾਰਾਂ ਨੇ ਔਰਤ ਨੂੰ ਫੜ੍ਹਿਆ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਵਾਰ ਫਿਰ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਬੀਤੀ 13 ਮਾਰਚ ਦੀ ਰਾਤ 11 ਵਜੇ ਵਾਪਰੀ। ਦਰਅਸਲ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਪ੍ਰਵਾਸੀ ਔਰਤ ਵੱਲੋਂ ਬੀੜੀ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪ੍ਰਵਾਸੀ ਔਰਤ ਆਪਣੇ 2 ਬੱਚਿਆਂ ਨਾਲ ਪਰਿਕਰਮਾ ਦੇ ਬਰਾਂਡੇ ‘ਚ ਰੁਕੀ ਸੀ। ਇਸ ਦੌਰਾਨ ਉਸ ਨੂੰ ਬੀੜੀ ਪੀਂਦੇ ਹੋਏ ਉੱਥੋਂ ਦੇ ਸੇਵਾਦਾਰਾਂ ਨੇ ਵੇਖ ਲਿਆ। ਸੇਵਾਦਾਰਾਂ ਨੇ ਔਰਤ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਮੌਕੇ ‘ਤੇ ਕਾਬੂ ਕਰ ਲਿਆ।

ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉੱਥੇ ਮੌਜੂਦ ਸੇਵਾਦਾਰਾਂ ਨੇ ਔਰਤ ਤੋਂ ਪੁੱਛਗਿੱਛ ਕਰਕੇ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਦੋ ਦਿਨ ਪਹਿਲਾਂ ਦੀ ਹੈ। ਸ੍ਰੀ ਦਰਬਾਰ ਸਾਹਿਬ ’ਚ ਤਾਇਨਾਤ ਕੀਤੇ ਚੌਕਸ ਸੇਵਾਦਾਰਾਂ ਦੇ ਕਾਰਨ ਬੇਅਦਬੀ ਹੋਣ ਤੋਂ ਬਚ ਗਈ। ਸੇਵਾਦਾਰਾਂ ਨੇ ਔਰਤ ਤੋਂ ਪੁੱਛਗਿੱਛ ਕੀਤੀ।

ਸ਼੍ਰੋਮਣੀ ਕਮੇਟੀ ਸਕੱਤਰ ਮਹਿੰਦਰ ਸਿੰਘ ਆਲੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਮਾਮਲੇ ਦੇ ਸਬੰਧ ‘ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹਨਾਂ ਕਿਹਾ ਕਿ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਵਾਈ ਜਾ ਰਹੀ ਹੈ।

ਔਰਤ ਤੇ ਉਸ ਦੇ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਲੁਧਿਆਣਾ ‘ਚ ਰਹਿ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਥਾਣਾ ਗਲਿਆਰਾ ਦੇ ਐਸਐਚਓ ਸਤਪਾਲ ਸਿੰਘ ਮੁਤਾਬਿਕ ਔਰਤ ਕੋਲੋਂ ਕੋਈ ਵੀ ਬਰਾਮਦਗੀ ਨਹੀਂ ਹੋਈ ਹੈ ਅਤੇ ਉਸ ਨੂੰ ਛੱਡ ਦਿਤਾ ਗਿਆ ਹੈ।