ਸ਼ਹੀਦ ਦਾ ਬਾਇਉਪਿਕ ਕਿਵੇੰ ਬਣ ਸਕਦਾ ?

ਸ਼ਹੀਦ ਰੁਹਾਨੀਅਤ ਦੇ ਜਿਸ ਮੰਡਲ ‘ਚ ਵਿਚਰ ਰਿਹਾ ਹੁੰਦਾ ਉਹ ਪਰਦਾਪੋਸ਼ ਨਹੀੰ ਕੀਤਾ ਜਾ ਸਕਦਾ । ਜੋ ਸ਼ਹੀਦ ਨੂੰ ਚੇਤਿਆਂ ਦੇ ਕਿਸੇ ਸੁੱਚੇ ਖਾਨੇ ‘ਚ ਸਾਂਭ ਕੇ ਰੱਖਣਾ ਚਾਹੁੰਦੇ ਨੇ ਉਹ ਨਹੀੰ ਚਾਹੁੰਦੇ ਕਿ ਇਕ ਫਿਲਮ ‘ਚ ਭਾਈ ਜਸਵੰਤ ਸਿੰਘ ਖਾਲੜਾ ਬਣਿਆ ਦਲਜੀਤ ਦੋਸਾਂਝ ਅਗਲੀ ਫਿਲਮ ‘ਚ ਕੋਈ ਲੱਚਰ ਹਰਕਤਾ ਕਰਦਾ ਫਿਰੇ । ਬੱਚੇ, ਜਿਨਾਂ ਭਾਈ ਖਾਲੜ‍ਾ ਨੂੰ ਫਿਲਮ ਰਾਹੀੰ ਹੀ ਜਾਨਣਾ ਹੈ ਉਹ ਤਾਹ ਉਮਰ ਦਲਜੀਤ ਚੋੰ ਭਾਈ ਖਾਲੜਾ ਵੇਖਣਗੇ । ਜਿਵੇੰ ਸਾਨੂੰ ਪਾਨ ਸਿੰਘ ਤੋਮਰ ਨਹੀੰ ਇਰਫਾਨ ਖਾਨ ਦਿਸਦਾ ।

ਦਲਜੀਤ ਚੰਗਾ ਬੰਦਾ ਹੈ ਉਸ ਨੇ ਸੱਜਣ ਸਿੰਘ ਰੰਗਰੂਟ ਵਾਲਾ ਬਾਕਮਾਲ ਕੰਮ ਕੀਤਾ ਸੀ । ਭਾਈ ਖਾਲੜੇ ਦੇ ਬਾਇਉਪਿਕ ਨਾਲੋੰ ਕੋਈ “ਸੱਜਣ ਸਿੰਘ ਵਕੀਲ” ਸਿਰਜ ਲੈਣ । ਉਸ ਦੌਰ ਦੀ ਹਰ ਤਲਖ ਸਚਾਈ ਸ਼ਾਮਲ ਕਰਨ ਪੁਲਿਸ, ਜੁਡੀਸ਼ਰੀ ਦੇ ਕਿਰਦਾਰ ਵਿਹਾਰ ਦੀ ਗੱਲ ਕਰਨ ।

ਸਭ ਨੂੰ ਪਤਾ ਹੈ ਕਿ ਭਾਰਤੀ ਸੈੰਸਰ ਬੋਰਡ ਤੋੰ ਪਾਸ ਕਰਵਾਉਣ ਲਈ ਇਹ “ਜੈ ਭੀਮ” ਵਰਗਾ ਕਰਾਫਟ ਹੋਵੇਗਾ । ਪੁਲਿਸ ਦੇ ਕੁਝ ਅਫਸਰ ਦੋਸ਼ੀ ਦਸ ਕੇ, ਜੁਡੀਸ਼ਰੀ ਨੂੰ ਢਿਲੇ ਦਰਸਾ ਕੇ, ਕਾਂਗਰਸ ਦੇ ਇਕ ਦੋ ਸਿਖ ਦਿਖ ਵਾਲੇ ਲੀਡਰ ਦਿਖਾ ਕੇ ਭਾਰਤੀ ਸਟੇਟ ਨੂੰ ਬਰੀ ਕੀਤਾ ਜਾਵੇਗਾ । ਸਿੱਖ ਸੰਘਰਸ਼ ਨੂੰ ਬੇਲੋੜਾ ਤੇ ਦਲਜੀਤ ਦੀ ਪਹਿਲੀ ਫਿਲਮ 1984 ਵਾਂਗ ਪਾਕਿਸਤਾਨ ਦਾ ਹੱਥਕੰਡਾ ਹੀ ਦਿਖਾਇਆ ਜਾਊ ।

ਭਾਈ ਖਾਲੜਾ ਨੂੰ ਸ਼ਹੀਦ ਕਰਨ ਵਾਲੇ ਅਜੀਤ ਸੰਧੂ ਤੇ ਕੇਪੀ ਗਿੱਲ ਪੱਗਾਂ ‘ਚ ਦਿਸਣਗੇ (ਹਾਲਕਿ ਉਨਾਂ ਦੇ ਨਾਂ ਬਦਲ ਕੇ ਵਰਤਣਗੇ) ਤੇ ਭਾਈ ਖਾਲੜਾ ਦੇ ਹਮਦਰਦ ਮੋਨੇ ਨਕਸਲੀ।
ਭਾਈ ਖਾਲੜਾ ਦੀਆਂ ਤਕਰੀਰਾਂ ਚੋੰ ਉਹੀ ਗੱਲ ਚੁਕਣਗੇ ਜਿਹੜੀ ਪੁਗਦੀ ਹੋਊ ।
ਤੱਥਾਂ ਨੂੰ ਸਦਾ ਲਈ ਮੇਟਣ ਦਾ ਫਾਇਨਲ ਯਤਨ ਹੋਊ ਇਹ ਬਾਇਉਪਿਕ ।
– ਚਰਨਜੀਤ ਸਿੰਘ ਤੇਜਾ